ਚੰਡੀਗੜ੍ਹ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਨਸਨੀਖ਼ੇਜ਼ ਅੰਮ੍ਰਿਤਸਰ ਲੁੱਟ ਕੇਸ ਨੂੰ ਹੱਲ ਕਰਦਿਆਂ ਪੀੜਤ ਦੇ ਡਰਾਈਵਰ ਦੀ ਧੀ ਤੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚਣ ਵਾਲੇ ਉਸ ਦੇ ਮੰਗੇਤਰ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤ ਦੇ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ ਨੇ ਲੁੱਟ ਦੀ ਪੂਰੀ ਸਾਜ਼ਿਸ਼ ਰਚੀ ਸੀ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾਨੀ (28) ਵਾਸੀ ਅਮਰ ਐਵੀਨਿਊ ਖੰਡਵਾਲਾ ਛੇਹਰਟਾ ਤੇ ਉਸ ਦੇ ਮੰਗੇਤਰ ਗੁਰਟੇਕ ਸਿੰਘ ਵਾਸੀ ਅਜਨਾਲਾ ਤੇ ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੰਦੀਪ ਸਿੰਘ ਵਾਸੀ ਜੰਡਿਆਲਾ, ਦੀਪਕ ਕੁਮਾਰ ਪਿੰਡ ਮਾਹਲ, ਹਰਦੇਵ ਸਿੰਘ ਅਜਨਾਲਾ ਤੇ ਹਰਪਾਲ ਸਿੰਘ ਰਾਜਾਸਾਂਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ 4 ਹਥਿਆਰਬੰਦ ਵਿਅਕਤੀਆਂ ਨੇ ਘਰ ’ਚ ਦਾਖ਼ਲ ਹੋ ਕੇ 90 ਲੱਖ ਰੁਪਏ ਤੇ 3 ਕਿੱਲੋ ਦੇ ਗਹਿਣਿਆਂ ਦੀ ਲੁੱਟ ਕੀਤੀ। ਪੰਜਾਬ ਪੁਲਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ ਗੁਰਪ੍ਰੀਤ, ਸੰਦੀਪ ਤੇ ਦੀਪਕ ਨੂੰ ਮਹਾਰਾਸ਼ਟਰ ਪੁਲਸ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅੰਤਰਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਜਦਕਿ ਬਾਕੀ 4 ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।