ਬਰਨਾਲਾ – ਨੇੜਲੇ ਪਿੰਡ ਕਾਹਨੇਕੇ ਵਿਖੇ ਬੀਤੀ ਰਾਤ ਘਰ ’ਚ ਸੁੱਤੇ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਆਪਣੇ ਘਰ ’ਚ ਬਣਾਈ ਨਿਹੰਗ ਛਾਉਣੀ ਵਿਚ ਰਾਤ ਸਮੇਂ ਸੁੱਤਾ ਪਿਆ ਸੀ, ਜਿਸ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਗਲੇ ਅਤੇ ਮੂੰਹ ’ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਲੋਕਾਂ ਨੂੰ ਸਵੇਰੇ ਲੱਗਿਆ, ਜਦੋਂ ਤੜਕਸਾਰ ਘਰ ਦੇ ਵੇਹੜੇ ਵਿਚ ਖ਼ੂਨ ਨਾਲ ਭਿੱਜੀ ਲਾਸ਼ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿਚ ਆਪਣੇ ਬਣਾਏ ਮਕਾਨ ਵਿਚ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ।
ਉਹ ਗੁਰਬਾਣੀ ਦਾ ਪਾਠ ਵੀ ਸਿਖਾਉਂਦਾ ਸੀ। ਪਰਿਵਾਰ ਨੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਪਹਿਲਾਂ ਵੀ ਚੱਲਦਾ ਵਹੀਰ ਬੁੱਢਾ ਦਲ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦਾ ਵੀ ਪਿੰਡ ਦੀ ਧਰਮਸ਼ਾਲਾ ਵਿਚ ਕਤਲ ਕਰ ਦਿੱਤਾ ਗਿਆ ਸੀ। ਪੁਲਸ ਥਾਣਾ ਰੂੜੇਕੇ ਕਲਾਂ ਨੇ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।