ਮੋਗਾ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਕਿਆਸਅਰਾਈਆਂ ਨੂੰ ਲੈ ਕੇ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮਝੌਤੇ ਤਾਂ ਹੁੰਦੇ ਹਨ ਪਰ ਅਜਿਹੇ ਫ਼ੈਸਲੇ ਨੈਸ਼ਨਲ ਬਾਡੀ ਲੈਂਦੀ ਹੈ। ਗਠਜੋੜ ਦਾ ਆਖਰੀ ਫ਼ੈਸਲਾ ਪਾਰਟੀ ਹਾਈਕਮਾਨ ਹੀ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਅੱਜ ਮਾਹੌਲ ਬਣ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਹੋ ਸਕਦਾ ਹੈ ਕਿ ਸਾਨੂੰ ਗਠਜੋੜ ਦੀ ਲੋੜ ਹੀ ਨਾ ਪਵੇ।
ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਅਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਵਿਰੁੱਧ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨੀ ਤਰੱਕੀ ਭਾਜਪਾ ਦੇ ਕਾਰਜਕਾਲ ਦੌਰਾਨ ਹੋਈ ਹੈ, ਉੱਨੀ ਕਿਸੇ ਹੋਰ ਸਰਕਾਰ ਮੌਕੇ ਨਹੀਂ ਹੋਈ। ਦੇਸ਼ ਦੀ ਤਰੱਕੀ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ। ਕੈਪਟਨ ਨੇ ਕਿਹਾ ਕਿ “ਮੋਦੀ ਦਾ ਹਰ ਤਰਫ ਡੰਕਾ ਹੈ। ਜੀਡੀਪੀ ਚੀਨਾ ਤੋਂ ਅੱਗੇ ਹੈ। ਭਾਰਤ ਵਿਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ।” ਤਰਨ ਤਾਰਨ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿਚ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਉਥੇ ਨਹੀਂ ਗਏ।

