18 ਵੀ ਲੋਕ ਸਭਾ ਸੈਸ਼ਨ ਦੀ ਸ਼ੁਰੂਆਤ ’ਚ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਪੰਜਾਬੀਆਂ ਦੇ ਮੁੱਦੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਮੀਤ ਹੇਅਰ ਨੇ ਰਾਸ਼ਟਰਪਤੀ ਸੰਬੋਧਨ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਸੰਬੋਧਨ ਵਿੱਚ ਪੰਜਾਬ ਦਾ ਨਾਮ ਵੀ ਜ਼ਿਕਰ ਨਾ ਹੋਣ ਉੱਤੇ ਖੇਦ ਪ੍ਰਗਟਾਇਆ।
ਦਰਅਸਲ ਸੰਸਦ ਮੈਂਬਰ ਮੀਤ ਹੇਅਰ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਬਾਰਡਰਾਂ ਉੱਤੇ ਸੈਨਿਕਾਂ ਵੱਲੋਂ ਸ਼ਹੀਦੀ ਪਾਉਣ ਅਤੇ ਖੇਡਾਂ ਖਾਸ ਕਰਕੇ ਓਲੰਪਿਕਸ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਮੀਤ ਹੇਅਰ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਦਾ ਹਵਾਲਾ ਵੀ ਦਿੱਤਾ।
ਮੀਤ ਨੇ ਕਿਹਾ ਕਿ ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ‘ਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਅਗਨੀਵੀਰ ਸਕੀਮ ਦੇ ਪਹਿਲੇ ਸ਼ਹੀਦ ਪੰਜਾਬੀ ਅੰਮ੍ਰਿਤਪਾਲ ਸਿੰਘ ਸਨ, ਜਿਨ੍ਹਾਂ ਨੂੰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਕਰੋੜ ਰੁਪਏ ਦੀ ਸਹਾਇਤਾ ਦਿਤੀ। ਇਸ ਦੇ ਨਾਲ ਹੀ ਮੀਤ ਨੇ ਨੇ ਪੰਜਾਬ ਦੇ RDF ਸਮੇਤ 8,000 ਕਰੋੜ ਰੁਪਏ ਦੇ ਰੋਕੇ ਹੋਏ ਫੰਡ ਜਾਰੀ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੁਲਾਜ਼ਮਾਂ ਦੇ ਹੱਕ ’ਚ ਗੱਲ ਕਰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਵੀ ਮੰਗ ਕੀਤੀ। ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬੀ ਸਵੈਮਾਣ ਵਾਲੀ ਕੌਮ ਹੈ। ਉਹ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਤੋਂ ਅੱਗੇ ਨਹੀ ਜਾਣ ਦਿੱਤਾ ਗਿਆ। ਨਾਲ ਹੀ ਮੀਤ ਹੇਅਰ ਨੇ ਕੇਂਦਰੀ ਏਜੰਸੀਆਂ ਰਾਹੀਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ।