ਜਲੰਧਰ –ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਡਕੈਤੀ ਦਾ ਸ਼ਿਕਾਰ ਹੋਏ ਵਿਜੇ ਜਿਊਲਰਜ਼ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਮੁਲਾਕਾਤ ਮਗਰੋਂ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਹਰ ਰੋਜ਼ ਦਿਨ-ਦਿਹਾੜੇ ਅਪਰਾਧ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ‘ਤੇ ਵੀ ਕਾਫ਼ੀ ਗੰਭੀਰ ਦੋਸ਼ ਲਗਾਏ। ਰਾਜਾ ਵੈਡਿੰਗ ਨੇ ਪੰਜਾਬ ਪੁਲਸ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ ਅਤੇ ਉਨ੍ਹਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਨਹੀਂ ਕੀਤਾ ਜਾਂਦਾ ਤਾਂ ਅਸੀਂ ਜਲੰਧਰ ਕਾਂਗਰਸ ਲੀਡਰਸ਼ਿਪ ਨਾਲ ਮਿਲ ਕੇ ਜਲੰਧਰ ਦੇ ਪੀਏਪੀ ਚੌਕ ‘ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਕਈ ਕਾਰੋਬਾਰੀਆਂ ਨੂੰ ਦਿਨ-ਦਿਹਾੜੇ ਲੁੱਟਿਆ ਜਾ ਰਿਹਾ ਹੈ। ਲੋਕ ਡਰ ਦੇ ਅਜਿਹੇ ਮਾਹੌਲ ਵਿੱਚ ਕਿਵੇਂ ਕੰਮ ਕਰ ਸਕਦੇ ਹਨ? ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਪੁਲਸ ਵੀ ਡਕੈਤੀਆਂ ਦਾ ਪਤਾ ਲਗਾਉਣ ‘ਚ ਲਗਾਤਾਰ ਅਸਫ਼ਲ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਪੁਲਸ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਬੇਅਸਰ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਤਿਆਰੀਆਂ ਛੱਡ ਕੇ ਅੱਜ ਜਲੰਧਰ ਆਇਆ ਹਾਂ। ਕੱਲ੍ਹ ਮਾਨਸਾ ਵਿੱਚ ਇਕ ਦੁਕਾਨਦਾਰ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਸੀ। ਮੈਨੂੰ ਹੁਣੇ ਖ਼ਬਰ ਮਿਲੀ ਹੈ ਕਿ ਲੁਧਿਆਣਾ ਦੇ ਜਗਰਾਓਂ ਦੇ ਇਕ ਚੌਕ ‘ਤੇ ਇਕ ਕਬੱਡੀ ਖਿਡਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਤਿੰਨ ਦਿਨਾਂ ਵਿੱਚ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਹਨ।

