ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਾਮੀ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਸਿਰਫ਼ ਧਾਮੀ ਦੀ ਨਹੀਂ, ਸਗੋਂ ਸਮੁੱਚੇ ਖਾਲਸਾ ਪੰਥ ਦੀ ਇਤਿਹਾਸਕ ਜਿੱਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੇ ਬੰਦਿਆਂ ਨੇ ਪੂਰੀ ਤਾਕਤ ਲਗਾਈ ਕਿ ਕਿਸੇ ਤਰ੍ਹਾਂ ਖਾਲਸਾ ਪੰਥ ਦੀ “ਸੂਪਰ ਪਾਰਲੀਮੈਂਟ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਕੀਤਾ ਜਾਵੇ ਪਰ ਪੰਥਕ ਜੱਥੇਬੰਦੀਆਂ ਅਤੇ ਮੈਂਬਰਾਂ ਨੇ ਡੱਟ ਕੇ ਇਸ ਸਾਜ਼ਿਸ਼ ਦਾ ਮੁਕਾਬਲਾ ਕੀਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਏਜੰਸੀ ਦੇ ਬੰਦਿਆਂ ਦਾ ਡੱਟ ਮੁਕਾਬਲਾ ਕੀਤਾ ਅਤੇ ਧਾਮੀ ਸਾਹਿਬ ਨੂੰ ਜਿਤਾਇਆ ਹੈ, ਉਹ ਵਧਾਈ ਦੇ ਪਾਤਰ ਹਨ। ਬਾਦਲ ਨੇ ਕਿਹਾ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ ਖਾਲਸਾ ਪੰਥ ਅਜੇ ਵੀ ਇਕਜੁੱਟ ਹੈ ਅਤੇ ਆਪਣੀਆਂ ਸੰਸਥਾਵਾਂ ਦੀ ਰੱਖਿਆ ਲਈ ਸਦਾ ਤਿਆਰ ਹੈ।

