ਲੁਧਿਆਣਾ : ਮਹਾਨਗਰ ਵਿਚ ਡੇਂਗੂ ਦਾ ਕਹਿਰ ਹੌਲੀ-ਹੌਲੀ ਵਧਦਾ ਜਾ ਰਿਹਾ ਹੈ। ਪਿਛਲੇ ਹਫਤੇ ਜਿੱਥੇ ਵੱਡੇ ਹਸਪਤਾਲਾਂ ਵਿਚ ਗਿਣੇ ਚੁਣੇ ਮਰੀਜ਼ ਸਾਹਮਣੇ ਆ ਰਹੇ ਸਨ, ਹੁਣ ਅਚਾਨਕ ਉਨ੍ਹਾਂ ਦੀ ਗਿਣਤੀ ਵਧ ਗਈ ਹੈ। ਸਿਹਤ ਵਿਭਾਗ ਵਿਚ ਅੱਜ ਡੇਂਗੂ ਦੇ 444 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਦੇ ਮੁਤਾਬਕ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 31 ਮਰੀਜ਼ ਦਾਖਲ ਹਨ, ਜਦੋਂਕਿ ਸਥਿਤੀ ਇਸ ਦੇ ਉਲਟ ਦੱਸੀ ਜਾ ਰਹੀ ਹੈ। ਅੱਜ ਦਯਾਨੰਦ ਹਸਪਤਾਲ ਵਿਚ ਹੀ 25 ਦੇ ਕਰੀਬ ਮਰੀਜ਼ ਭਰਤੀ ਹੋਏ ਦੱਸੇ ਜਾਂਦੇ ਹਨ। ਸਿਹਤ ਵਿਭਾਗ ਵਿਚ ਹਸਪਤਾਲਾਂ ‘ਤੇ ਡੇਂਗੂ ਦੇ ਮਾਮਲਿਆਂ ਨੂੰ ਜਨਤਕ ਕਰਨ ’ਤੇ ਰੋਕ ਲਗਾਈ ਹੋਈ ਹੈ ਅਤੇ ਇਸ ਦੇ ਬਦਲੇ ਹਸਪਤਾਲਾਂ ਨੂੰ ਮਨਮਰਜ਼ੀ ਦੇ ਰੇਟ ਵਸੂਲਣ ਦੇ ਲਈ ਛੋਟ ਦਿੱਤੀ ਗਈ ਹੈ ਜਿਸ ਕਾਰਨ ਨਿਜੀ ਅਤੇ ਕਾਰਪੋਰੇਟ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਤੋਂ ਟੈਸਟਾਂ ਅਤੇ ਇਲਾਜ ਦੇ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ, ਜਦੋਂਕਿ ਛੋਟੇ ਹਸਪਤਾਲਾਂ ਅਤੇ ਨਰਸਿੰਗ ਹੋਮ ਦੇ ਰੇਟਾਂ ਵਿਚ ਫਰਕ ਸਾਫ ਨਜ਼ਰ ਆ ਰਿਹਾ ਹੈ।

