ਗੁਰਦਾਸਪੁਰ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਜ਼ਿਲ੍ਹੇ ਦੇ ਧਾਰੀਵਾਲ ’ਚ ਸਥਿਤ ਇੱਕ ਇਲੈਕਟ੍ਰੋਨਿਕ ਦੀ ਦੁਕਾਨ ’ਚ ਅੱਗ ਲੱਗ ਗਈ। ਭਿਆਨਕ ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ, ਜਿਸ ਕਾਰਨ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਘਟਨਾ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਦੀਪ ਰਾਜ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ ਦੱਸ ਵਜੇ ਉਸ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ’ਤੇ ਪਹੁੰਚਿਆਂ ਤੇ ਦੇਖਿਆ ਕਿ ਆਲੇ ਦੁਆਲੇ ਦੇ ਲੋਕ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾ ਰਹੇ ਸੀ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 2-3 ਗੱਡੀਆਂ ਪਹੁੰਚੀਆਂ. ਜਿੰਨ੍ਹਾਂ ਵੱਲੋਂ ਕਰੀਬ 3-4 ਘੰਟਿਆਂ ਦੀ ਮਿਹਨਤ-ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਅੱਗ ਬੁਝੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਦੁਕਾਨ ‘ਚ ਇਲੈਕਟ੍ਰੋਨਿਕਸ ਦਾ ਸਾਰਾ ਸਮਾਨ ਜਿਵੇਂ ਕਿ ਐਲ.ਈ.ਡੀ., ਵਾਸ਼ਿੰਗ ਮਸ਼ੀਨ, ਏ.ਸੀ., ਗੀਜ਼ਰ, ਬੈਟਰੀਆਂ ਆਦਿ ਸੜ ਕੇ ਸੁਆਹ ਹੋ ਚੁੱਕੇ ਸਨ। ਪੀੜਤ ਦੁਕਾਨਦਾਰ ਮੁਤਾਬਕ ਉਸ ਦਾ ਕਰੀਬ 90 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਦੁਕਾਨ ’ਚ ਅੱਗ ਕਿਵੇਂ ਲੱਗੀ, ਇਹ ਹਾਲੇ ਵੀ ਰਾਜ ਬਣਿਆ ਹੋਇਆ ਹੈ। ਪਰ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਚਲਾ ਸਕੇ।