ਜਲੰਧਰ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ, ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਵੀ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੱਛਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ ’ਚ ਰੋਡ ਸ਼ੋਅ ਕੀਤਾ। ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ’ਚ ਪ੍ਰਚਾਰ ਦਾ ਨਾਅਰਾ ਲਗਾਇਆ। ਇੱਥੇ ਹਜ਼ਾਰਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਮੋਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕੀਤੀ। ਸੀਐੱਮ ਮਾਨ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ‘ਆਪ’ ਉਮੀਦਵਾਰ ਨੂੰ ਜਿਤਾਇਆ ਤਾਂ ਅਸੀਂ ਮਿਲ ਕੇ ਜਲੰਧਰ ‘ਵੈਸਟ’ ਨੂੰ ਜਲੰਧਰ ‘ਬੈਸਟ’ ਬਣਾ ਦੇਵਾਂਗੇ।
ਇਸ ਦੋਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਆਖਿਆ ਕਿ ਇਹ ਚੋਣ ਤੁਹਾਡੇ ‘ਤੇ ਥੋਪੀ ਗਈ ਹੈ ਕਿਉਂਕਿ ਪਿਛਲਾ ਵਿਧਾਇਕ ਦਲ-ਬਦਲੂ ਅਤੇ ਲਾਲਚੀ ਨਿਕਲਿਆ। ਇਹ ਚੋਣ ਉਸ ਦੇ ਨਿੱਜੀ ਸਵਾਰਥ ਅਤੇ ਲਾਲਚ ਕਾਰਨ ਹੋ ਰਹੀ ਹੈ। ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਉਸੇ ਦੀ ਇਸ ਧੋਖਾਧੜੀ ਕਾਰਨ ਜ਼ਿਮਨੀ ਚੋਣਾਂ ‘ਚ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ।
ਇਸ ਦੇ ਨਾਲ ਹੀ ਸੀਐੱਮ ਮਾਨ ਨੇ ‘ਆਪ’ ਉਮੀਦਵਾਰ ਮੋਹਿੰਦਰ ਭਗਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਨੂੰ ਮੋਹਿੰਦਰ ਭਗਤ ਦੇ ਰੂਪ ਵਿਚ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਉਮੀਦਵਾਰ ਮਿਲਿਆ ਹੈ। ਜਲੰਧਰ ਪੱਛਮੀ ਦੇ ਵਿਕਾਸ ਲਈ ਮੋਹਿੰਦਰ ਭਗਤ ਜੋ ਵੀ ਕੰਮ ਕਹਿਣਗੇ, ਅਸੀਂ ਕਰਾਂਗੇ। ਭਗਤ ਪਰਿਵਾਰ ਨੇ ਪਿਛਲੀਆਂ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਹੈ। ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਉਨ੍ਹਾਂ ਦਾ ਕੋਈ ਕਾਰੋਬਾਰ ਜਾਂ ਮਾਫੀਆ ਵਿਚ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਹੈ। ਉਹ ਬਹੁਤ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀ ਹਨ।
ਇਸ ਤੋਂ ਇਲਾਵਾ ਮਾਨ ਸਰਕਾਰ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਖੇਤਰ ਵਿੱਚ ਲੋਕਾਂ ਨੂੰ ਚੰਗੇ ਸਕੂਲ ਅਤੇ ਹਸਪਤਾਲ ਦੇਵਾਂਗੇ, ਤਾਂ ਜੋ ਚੰਗਾ ਇਲਾਜ ਤੇ ਚੰਗੀ ਸਿੱਖਿਆ ਦਿੱਤੀ ਜਾ ਸਕੇ। ਸ਼ਹਿਰ ’ਚ ਮਾੜੇ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ, ਸਫ਼ਾਈ ਦੇ ਚੰਗੇ ਪ੍ਰਬੰਧਾਂ ਦੇ ਨਾਲ ਬਿਜਲੀ-ਪਾਣੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।