ਜਲੰਧਰ- ਕਾਂਗਰਸ ਲੀਗਲ, ਹਿਊਮਨ ਰਾਈਟਸ ਅਤੇ ਆਰ. ਟੀ. ਆਈ. ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਵਾਦਿਤ ਬਿਆਨ ਦੇ ਵਿਰੋਧ ਵਿਚ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਹਲੋਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਵਰਗੇ ਸਨਮਾਨਿਤ ਨੇਤਾ ਦੇ ਸੰਦਰਭ ਵਿਚ ਅਪਮਾਨਜਨਕ ਅਤੇ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ, ਜੋਕਿ ਬਹੁਤ ਹੀ ਨਿੰਦਾਯੋਗ ਹੈ।
ਉਨ੍ਹਾਂ ਦੋਸ਼ ਲਾਇਆ ਕਿ ਰਾਜਾ ਵੜਿੰਗ ਦੇ ਭਾਸ਼ਣ ਨੇ ਖ਼ਾਸ ਤੌਰ ’ਤੇ ਧਾਰਮਿਕ ਸਿੱਖ ਭਾਈਚਾਰੇ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਹ ਵਿਵਹਾਰ ਵੜਿੰਗ ਦੇ ‘ਹੰਕਾਰ ਤੇ ਨਫ਼ਰਤ’ ਨੂੰ ਦਰਸਾਉਂਦਾ ਹੈ, ਜੋ ਕਾਂਗਰਸ ਦੀ ਵਿਚਾਰਧਾਰਾ ਦੇ ਉਲਟ ਹੈ। ਕਾਹਲੋਂ ਨੇ ਦੋਸ਼ ਲਾਇਆ ਕਿ ਵੜਿੰਗ ਨੇ ਪਹਿਲਾਂ ਤਰਨਤਾਰਨ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ, ਜਿਸ ਵਿਚ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਪ੍ਰਭਾਵਿਤ ਕਰਨ ਵਾਲੇ ਬਿਆਨ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਨੂਸੁਚਿਤ ਭਾਈਚਾਰੇ ਦਾ ਅਪਮਾਨ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਨ ਰਾਜਾ ਵੜਿੰਗ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਅਤੇ ਉਨ੍ਹਾਂ ਦੇ ਅਨੂਸੁਚਿਤ ਭਾਈਚਾਰੇ ਵਿਰੋਧੀ ਅਤੇ ਭੜਕਾਊ ਬਿਆਨਾਂ ਲਈ ਉਨ੍ਹਾਂ ’ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਦੌਲਤ ਰਾਮ ਥਾਪਰ, ਸੰਦੀਪ ਕੁਮਾਰ, ਬੰਗਾ ਸਿੰਘ ਅਤੇ ਹੋਰ ਵੀ ਮੌਜੂਦ ਸਨ।

