ਅੰਮ੍ਰਿਤਸਰ -ਜਿਵੇਂ-ਜਿਵੇਂ ਝੋਨੇ ਦੀ ਕਟਾਈ ਦਾ ਸੀਜ਼ਨ ਆਪਣੇ ਆਖਰੀ ਪੜਾਅ ’ਤੇ ਪਹੁੰਚ ਰਿਹਾ ਹੈ। ਪਰਾਲੀ ਸਾੜਨ ਦੇ ਮਾਮਲੇ ਲਗਭਗ ਦੁੱਗਣੇ ਹੋ ਗਏ ਹਨ। ਸੈਟੇਲਾਈਟ ਰਾਹੀਂ ਅੰਮ੍ਰਿਤਸਰ ਜ਼ਿਲੇ ਵਿਚ ਪਰਾਲੀ ਸਾੜਨ ਦੇ 308 ਮਾਮਲਿਆਂ ਦਾ ਖੁਲਾਸਾ ਕੀਤਾ ਹੈ, ਜਦਕਿ 111 ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਅਤੇ 109 ਖਿਲਾਫ ਲਾਲ ਐਂਟਰੀ ਹੋ ਚੁੱਕੀ ਹੈ।
ਇਸ ਦੌਰਾਨ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ 677 ਦੇ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਸੂਚੀ ਵਿਚ ਸਭ ਤੋਂ ਅੱਗੇ ਹੈ, ਜਦਕਿ ਤਰਨਤਾਰਨ ਜ਼ਿਲਾ 652 ਕੇਸਾਂ ਦੇ ਨਾਲ ਦੂਜੇ ਸਥਾਨ ’ਤੇ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲੇ ਵਿਚ ਪਰਾਲੀ ਸਾੜਨ ਦੇ 465 ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਗਾ ਜ਼ਿਲੇ ਵਿਚ 308 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲੇ ਵਿਚ 314 ਮਾਮਲੇ ਸਾਹਮਣੇ ਆਏ ਹਨ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਕਿਸਾਨ ਪਰਾਲੀ ਸਾੜਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਕੱਥੂਨੰਗਲ ਟੋਲ ਪਲਾਜ਼ਾ ਨੇੜੇ ਇਕ ਪ੍ਰਾਈਵੇਟ ਕੰਪਨੀ ਦੇ ਪੈਟਰੋਲ ਪੰਪ ਦੇ ਸਾਹਮਣੇ ਇਕ ਕਿਸਾਨ ਨੇ ਆਪਣੇ ਖੇਤਾਂ ਵਿਚ ਪਰਾਲੀ ਸਾੜ ਦਿੱਤੀ ਸੀ, ਜਿਸ ਦਾ ਨਤੀਜਾ ਘਾਤਕ ਹੋ ਸਕਦਾ ਸੀ ਪਰ ਪੈਟਰੋਲ ਪੰਪ ਅੱਗ ਦੀ ਲਪੇਟ ਵਿਚ ਆ ਜਾਂਦਾ ਹੈ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਸਬੰਧ ਵਿੱਚ ਪੁਲਸ ਵਿਚ ਵੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੁਲਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

