ਫਗਵਾੜਾ/ਜਲੰਧਰ-ਫਗਵਾੜਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। FEMA (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਦੀ ਉਲੰਘਣਾ ਕਰਨ ਨੂੰ ਲੈ ਕੇ ਫਗਵਾੜਾ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਇਹ ਕਾਰਵਾਈ ਫਗਵਾੜਾ ਸਥਿਤ ਫਰਮ, ਓਪਲ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ ਟਿਕਾਣਿਆਂ ‘ਤੇ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ੋਨਲ ਦਫ਼ਤਰ ਦੀ ਇਕ ਟੀਮ ਨੇ ਚਾਰ ਥਾਵਾਂ ‘ਤੇ ਸਰਚ ਆਪ੍ਰੇਸ਼ਨ ਚਲਾਇਆ।
ਇਸ ਦੀ ਜਾਣਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਅਧਿਕਾਰਤ ਹੈਂਡਲ ‘ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਇਸ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਸੀ, ਜੋਕਿ 14 ਨਵੰਬਰ 2025 ਨੂੰ ਹੋਈ ਸੀ। ਸਾਂਝੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਫਗਵਾੜਾ ਸ਼ਹਿਰ ਦੇ ਚਾਰ ਸਥਾਨਾਂ ‘ਤੇ ਜਿੱਥੇ ਇਹ ਕਾਰਵਾਈ ਕੀਤੀ ਹੈ, ਉਨ੍ਹਾਂ ‘ਤੇ ਇੰਜੀਨੀਅਰਿੰਗ ਸਾਮਾਨ ਦੇ ਨਿਰਯਾਤ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਅਤੇ ਵਿਦੇਸ਼ਾਂ ਤੋਂ ਗਲਤ ਭੁਗਤਾਨ ਪ੍ਰਾਪਤ ਕਰਨ ਦਾ ਦੋਸ਼ ਸੀ।
22 ਲੱਖ ਰੁਪਏ ਦੀ ਨਕਦੀ ਸਣੇ ਅਪਰਾਧਕ ਦਸਤਾਵੇਜ਼ ਜ਼ਬਤ
ਈ. ਡੀ. ਦੀ ਜਾਂਚ ‘ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਕੁਝ ਨਿਰਯਾਤ ਲੈਣ-ਦੇਣ ਭਾਰਤ ਅਤੇ ਵਿਦੇਸ਼ਾਂ ‘ਚ ਨਕਦੀ ‘ਚ ਕੀਤੇ ਗਏ ਸਨ। ਕੇਂਦਰੀ ਏਜੰਸੀ ਨੇ ਫਗਵਾੜਾ ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕਰਕੇ 22 ਲੱਖ ਰੁਪਏ ਜ਼ਬਤ ਕੀਤੇ। ਛਾਪਿਆਂ ਦੌਰਾਨ ਕਈ ਅਪਰਾਧਕ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਬੂਤ ਵੀ ਬਰਾਮਦ ਕੀਤੇ ਗਏ। ਏਜੰਸੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਮਹੱਤਵਪੂਰਨ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

