ਵੱਧਦੀ ਆਵਾਜਾਈ ਅਤੇ ਤੇਜ਼ੀ ਨਾਲ ਵੱਧ ਰਹੇ ਵਾਹਨਾਂ ਕਾਰਨ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ। ਤਾਜ਼ਾ ਸੜਕ ਹਾਦਸਾ ਚੰਡੀਗੜ੍ਹ-ਬਠਿੰਡਾ ਹਾਈਵੇ ‘ਤੇ ਵਾਪਰਿਆ ਜਦੋਂ ਪਟਿਆਲਾ ਰੋਡ ’ਤੇ ਪਿੰਡ ਬਾਲਦ ਕਲਾਂ ਨੇੜੇ ਇੱਕ ਸਵਿੱਫ਼ਟ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਟਰਾਲੇ ਦੇ ਪਿਛਲੇ ਪਾਸੇ ਜਾ ਵੱਜੀ। ਹਾਦਸੇ ਦੌਰਾਨ ਕਾਰ ਦਾ ਚਾਲਕ, ਉਸਦੀ ਪਤਨੀ ਤੇ ਮਾਤਾ ਸਮੇਤ ਇਕ ਹੋਰ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਅੱਜ ਤੜਕਸਾਰ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਟਿਆਲਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਇਕ ਸਵਿੱਫ਼ਟ ਕਾਰ ਸ਼ਹਿਰ ਨੂੰ ਆਉਣ ਵਾਲਾ ਪੁਲ ਚੜਨ ਤੋਂ ਪਹਿਲਾਂ ਬੇਕਾਬੂ ਹੋ ਗਈ। ਇਸ ਦੌਰਾਨ ਕਾਰਨ ਇੱਕ ਪੈਟਰੋਲ ਪੰਪ ਨੇੜੇ ਹਾਈਵੇ ਦੇ ਕਿਨਾਰੇ ‘ਤੇ ਖੜ੍ਹੇ ਇਕ ਟਰੱਕ-ਟਰਾਲੇ ਦੇ ਪਿੱਛੇ ਟਕਰਾਅ ਗਈ। ਜਿਸ ਕਾਰਨ ਹਾਦਸੇ ਦੇ ਸ਼ਿਕਾਰ ਕਾਰ ਸਵਾਰ, ਕਾਰ ਚਾਲਕ ਜਸਵਿੰਦਰ ਸਿੰਘ, ਉਸਦੀ ਪਤਨੀ ਰਾਜਵਿੰਦਰ ਕੌਰ, ਮਾਤਾ ਨਰਿੰਦਰ ਕੌਰ ਸਮੇਤ ਉਨ੍ਹਾਂ ਦੀ ਇੱਕ ਹੋਰ ਮਹਿਲਾ ਰਿਸ਼ਤੇਦਾਰ ਹਰਭਜਨ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਸ ਦੌਰਾਨ ਜ਼ਖ਼ਮੀਆਂ ਨੂੰ ਇਲਾਜ਼ ਲਈ ਤੁਰੰਤ ਪਟਿਆਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਕਾਰ ਚਾਲਕ ਜਸਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਵੱਲ ਰੈਫ਼ਰ ਕਰ ਦਿੱਤਾ। ਜਾਣਕਾਰੀ ਅਨੁਸਾਰ ਸਮਾਣਾ ਦੇ ਰਹਿਣ ਵਾਲਾ ਉਕਤ ਪਰਿਵਾਰ ਯੂ.ਪੀ. ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਸਮਾਗਮ ਤੋਂ ਵਾਪਸ ਆ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।