ਮੋਹਾਲੀ — ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵਾਸੀ ਮੋਹਾਲੀ ਦਾ ਟੀ-20 ਵਿਸ਼ਵ ਕੱਪ ਜਿੱਤ ਕੇ ਸ਼ਹਿਰ ਪਰਤਣ ’ਤੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਮੋਹਾਲੀ ਦੇ ਐੱਸ.ਐੱਸ.ਪੀ. ਡਾਕਟਰ ਸੰਦੀਪ ਗਰਗ, ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਦੀਪਕ ਕੁਮਾਰ ਨੇ ਅਰਸ਼ਦੀਪ ਦਾ ਹਵਾਈ ਅੱਡੇ ’ਤੇ ਫੁੱਲਾਂ ਨਾਲ ਸਵਾਗਤ ਕੀਤਾ।
ਅਰਸ਼ਦੀਪ ਸਿੰਘ ਨੂੰ ਲੈਣ ਲਈ ਉਸ ਦੇ ਕੋਚ ਜਸਵੰਤ ਰਾਏ, ਪਿਤਾ ਦਰਸ਼ਨ ਸਿੰਘ, ਉਸ ਦੀ ਮਾਤਾ ਬਲਜੀਤ ਕੌਰ ਅਤੇ ਭੈਣ ਪਹੁੰਚੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਮੈਂ ਭਾਰਤ ਦੀ ਜਿੱਤ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮੈਂ ਇੰਨਾ ਖੁਸ਼ ਹਾਂ ਕਿ ਬਿਆਨ ਨਹੀਂ ਕਰ ਸਕਦਾ।
ਟੀ-20 ਵਿਸ਼ਵ ਕੱਪ ਦੇ ਸਰਵੋਤਮ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸ਼ਹਿਰ ਵਾਪਸੀ ਦੌਰਾਨ ਏਅਰਪੋਰਟ ’ਤੇ ਕ੍ਰਿਕਟ ਪ੍ਰੇਮੀਆਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਪ੍ਰਸ਼ੰਸਕ ਭਾਰਤ ਮਾਤਾ ਦੀ ਜੈ ਅਤੇ ਅਰਸ਼ਦੀਪ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ, ਕੋਚ ਅਤੇ ਰਿਸ਼ਤੇਦਾਰ ਪੰਜਾਬੀ ਢੋਲ ’ਤੇ ਨੱਚਦੇ ਨਜ਼ਰ ਆਏ। ਅਰਸ਼ਦੀਪ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਸੈਂਕੜੇ ਪ੍ਰਸ਼ੰਸਕ ਇਕੱਠੇ ਹੋਏ।
ਏਅਰਪੋਰਟ ’ਤੇ ਅਰਸ਼ਦੀਪ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਕਿੰਗਜ਼ ਦੇ ਸੀ.ਈ.ਓ. ਸਤੀਸ਼ ਮੈਨਨ, ਸੀ.ਐੱਫ.ਓ.ਐੱਲ.ਸੀ. ਗੁਪਤਾ, ਸੀ.ਸੀ.ਓ. ਏਅਰਪੋਰਟ ’ਤੇ ਸੌਰਭ ਅਰੋੜਾ ਅਤੇ ਆਸ਼ੀਸ਼ ਤੁਲੀ (ਜਨਰਲ ਮੈਨੇਜਰ ਕ੍ਰਿਕਟ ਸੰਚਾਲਨ) ਨੇ ਵੀ ਸਟਾਰ ਗੇਂਦਬਾਜ਼ ਦਾ ਦਿਲੋਂ ਸਵਾਗਤ ਕੀਤਾ।