ਅੰਮ੍ਰਿਤਸਰ: ਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਸੁਲਤਾਨਵਿੰਡ ਰੋਡ ਸਥਿਤ ਮੰਦਰ ਵਾਲਾ ਬਾਜ਼ਾਰ ਵਿਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਮੌਤ ਦਾ ਸ਼ਿਕਾਰ ਹੋਈ ਕੁੜੀ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸ ਨੇ ਆਪਣੇ ਜੀਵਨ ਨੂੰ ਖਤਮ ਕਰਨ ਦਾ ਇਕ ਵੱਡਾ ਕਦਮ ਚੁਕਿਆ ਹੈ। ਫਾਹਾ ਲਗਾਉਣ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨੇੜਲੇ ਪੈਂਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਲਿਆਂਦਾ, ਜਿੱਥੇ ਚੈਕ-ਅਪ ਕਰਨ ਉਪਰੰਤ ਡਾਕਟਰਾਂ ਨੇ ਉਸਨੂੰ ਮੌਤ ਐਲਾਨ ਦਿੱਤਾ। ਫਾਹਾ ਲਗਾਉਣ ਕਰ ਕੇ ਨਵ-ਵਿਆਹੁਤਾ ਦੀ ਮੌਤ ਹੋ ਗਈ ਹੈ।
ਜਾਣਕਾਰੀ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਤਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ 22 ਸਾਲ ਅਨਮੋਲਦੀਪ ਕੌਰ ਦੇ ਤੌਰ ’ਤੇ ਹੋਈ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਅਨਮੋਲਦੀਪ ਕੌਰ ਦੇ ਪਿਤਾ ਮਨਮੋਹਕ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ,
ਪਰ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਸਹੁਰੇ ਪਰਿਵਾਰ ਵਾਲੇ ਕੁੜੀ ਅਨਮੋਲਦੀਪ ਨੂੰ ਗਰਭਵਤੀ ਨਾ ਹੋਣ ਦਾ ਅਕਸਰ ਤਾਹਣੇ-ਮਹਿਣੇ ਦਿੰਦੇ ਰਹਿੰਦੇ ਸਨ। ਉਸ ਨੇ ਅੱਗੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਇਹ ਵਿਆਹ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਹੋਇਆ ਸੀ, ਪਰ ਫਿਰ ਵੀ ਸਹੁਰੇ ਪਰਿਵਾਰ ਵਾਲਿਆਂ ਨੇ ਨਵ-ਵਿਆਹੁਤਾ ਨੂੰ ਇੰਨਾ ਤੰਗ ਅਤੇ ਮਾਨਸਿਕ ਤੌਰ ’ਤੇ ਤੰਗ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ।

