ਪੰਚਕੂਲਾ ਦੇ ਪਿੰਜੌਰ ਨੇੜੇ ਇੱਕ ਵੱਡੇ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਪਲਟ ਗਈ। ਬੱਸ ਪਲਟਣ ਕਾਰਨ ਹਾਦਸੇ ’ਚ 40 ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਫਿਲਹਾਲ ਜ਼ਖ਼ਮੀਆਂ ਨੂੰ ਪਿੰਜੌਰ ਦੇ ਹਸਪਤਾਲ ਅਤੇ ਸੈਕਟਰ 6 ਦੇ ਸਿਵਲ ਹਸਪਤਾਲ ਪੰਚਕੂਲਾ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਜ਼ਖ਼ਮੀਆਂ ’ਚ ਇੱਕ ਮਹਿਲਾ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।
ਹਾਲਾਂਕਿ ਘਟਨਾ ਦਾ ਕਾਰਨ ਤਾਂ ਸਪਸ਼ੱਟ ਨਹੀਂ ਹੋਇਆ ਪਰ ਅਧਿਕਾਰੀਆਂ ਵੱਲੋਂ ਮੁੱਢਲੀ ਜਾਂਚ ਮੁਤਾਬਕ ਓਵਰ ਸਪੀਡ ਹੋਣ ਕਾਰਨ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਬੱਸ ’ਚ ਸਵਾਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਬੱਸ ਓਵਰਲੋਡ ਹੋ ਗਈ ਤੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਹਾਦਸੇ ਦਾ ਕਾਰਨ ਬਣੀ। ਇਸ ਤੋਂ ਇਲਾਵਾ ਇਸ ਦੌਰਾਨ ਸੜਕ ਦੀ ਖ਼ਸਤਾ ਹਾਲਤ ਵੀ ਹਾਦਸੇ ਦਾ ਕਾਰਨ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਜੌਰ ਦੇ ਪਿੰਡ ਨੌਲਟਾ ਨੇੜੇ ਵਾਪਰਿਆ ਹੈ। ਇਸ ਘਟਨਾ ਸਬੰਧੀ ਪੰਚਕੂਲਾ ਪ੍ਰਸ਼ਾਸਨ ਵੱਲੋਂ ਡਰਾਈਵਰ ਤੇ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫਿਲਹਾਲ ਹਾਦਸੇ ਤੋਂ ਬਾਅਦ ਤੋਂ ਹੀ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਦਾ ਚਾਲਕ ਮੌਕੇ ਤੋਂ ਫਰਾਰ ਹੈ, ਜਦੋਕਿ ਕੰਡਕਟਰ ਜ਼ਖ਼ਮੀ ਹੋਣ ਕਾਰਨ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।