ਜਲੰਧਰ – ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ‘ਚ ਕਤਲ ਕੀਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (17) ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਭਤੀਜੇ ਵਿਕਾਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਸੀ। ਸੁਸ਼ੀਲ ਰਿੰਕੂ ਸਮੇਤ ਕਈ ਆਗੂ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਮਾਂ ਵਾਰ-ਵਾਰ ਰੋਂਦੇ ਹੋਏ ਬੇਹੋਸ਼ ਹੋ ਰਹੀ ਸੀ। ਪੁੱਤ ਨੂੰ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ ਦਿੰਦੇ ਵੇਖ ਹਰ ਇਕ ਦੀ ਅੱਖ ਨਮ ਸੀ। ਪਰਿਵਾਰ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ। ਅੰਤਿਮ ਸੰਸਕਾਰ ਮਗਰੋਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਪੁਲਸ ਤੁਰੰਤ ਵਿਕਾਸ ਦੇ ਕਤਲ ਦੇ ਪਿੱਛੇ ਦੇ ਮਕਸਦ ਨੂੰ ਦੱਸੇ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀ ਘਟਨਾ ਤੋਂ ਪਹਿਲਾਂ ਕਿਸੇ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋ ਕੇ ਆਏ ਸਨ। ਸਾਨੂੰ ਘਟਨਾ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸਨ, ਮੁਲਜ਼ਮ ਘਟਨਾ ਸਥਾਨ ‘ਤੇ ਖਾਲੀ ਪਲਾਟ ਵਿਚ ਸ਼ਰਾਬ ਪੀ ਰਹੇ ਸਨ। ਉੱਥੋਂ ਸ਼ਰਾਬ ਦੀਆਂ ਛੇ ਬੋਤਲਾਂ ਬਰਾਮਦ ਹੋਈਆਂ, ਅਤੇ ਉਹ ਅਪਰਾਧ ਵਾਲੀ ਥਾਂ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਪੀ ਰਹੇ ਸਨ।ਉਨ੍ਹਾਂ ਕਿਹਾ ਕਿ ਪੁਲਸ ਪਤਾ ਲਗਾਏ ਕਿ ਭਤੀਜੇ ਦੀ ਲੜਾਈ ਦਾ ਕਾਰਨ ਕੀ ਰਿਹਾ ਹੈ ?

