ਇੱਕ ਵਿਅਕਤੀ ਵੱਲੋਂ ਦੂਜੀ ਪਤਨੀ ਦੇ ਕਤਲ ਮਾਮਲੇ ਨੂੰ 24 ਘੰਟਿਆਂ ’ਚ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਘਟਨਾ ਫਾਜ਼ਿਲਕਾ ਜ਼ਿਲ੍ਹੇ ਦੀ ਹੈ ਜਿੱਥੇ ਜਲਾਲਾਬਾਦ ’ਚ ਬੀਤੇ ਦਿਨ ਇੱਕ ਵਿਅਕਤੀ ਨੇ ਆਪਣੀ ਦੂਜੀ ਪਤਨੀ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਪੁਲਿਸ ਨੇ ਪਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਮੁਲਜ਼ਮ ਵੱਲੋਂ ਗੁੱਸੇ ’ਚ ਦੂਜੀ ਪਤਨੀ ਦੇ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਕਾਬੂ ਕੀਤੇ ਵਿਅਕਤੀ ਪਾਸੋਂ ਕਤਲ ਦੀ ਵਾਰਦਾਤ ਲਈ ਵਰਤੀ ਕੈਂਚੀ ਵੀ ਬਰਾਮਦ ਕਰ ਲਈ ਹੈ।
ਮਾਮਲੇ ਦੀ ਜਾਣਕਾਰੀ ਫ਼ਾਜ਼ਿਲਕਾ ਦੇ ਐੱਸਐੱਸਪੀ ਡਾ. ਪ੍ਰਗਿਆ ਜੈਨ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਮਾਮਲੇ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਲਾਲਾਬਾਦ ਦੇ ਰਾਠੋਡਾ ਇਲਾਕੇ ਦੀ ਰਹਿਣ ਵਾਲੀ ਪ੍ਰਕਾਸ਼ ਕੌਰ ਦਾ ਕੈਂਚੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਰਮਨ ਸ਼ਰਮਾ ਜੋ ਕਰੀਬ ਛੇ ਮਹੀਨੇ ਪਹਿਲਾਂ ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਕੱਟ ਕੇ ਵਾਪਸ ਆਇਆ ਸੀ। ਉਸਨੇ ਕੁੱਝ ਮਹੀਨੇ ਪਹਿਲਾਂ ਉਕਤ ਮਹਿਲਾ ਪ੍ਰਕਾਸ਼ ਕੌਰ ਦੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ।
ਐੱਸਐੱਸਪੀ ਨੇ ਅੱਗੇ ਦੱਸਿਆ ਕਿ ਦੋਸ਼ੀ ਰਮਨ ਸ਼ਰਮਾ ਦਾ ਦਸ਼ਮੇਸ਼ ਸ਼ਹਿਰ ‘ਚ ਇਕ ਮਕਾਨ, ਇਕ ਦੁਕਾਨ ਅਤੇ ਦੋ ਖਾਲੀ ਪਲਾਟ ਪਏ ਹਨ। ਜਿਸ ਨੂੰ ਲੈ ਕੇ ਮ੍ਰਿਤਕ ਪ੍ਰਕਾਸ਼ ਕੌਰ ਦਾ ਅਕਸਰ ਝਗੜਾ ਰਹਿੰਦਾ ਸੀ ਕਿ ਇਹ ਜਾਇਦਾਦ ਆਪਣੇ ਲੜਕੇ ਅਤੇ ਨੂੰਹ ਦੇ ਨਾਂ ‘ਤੇ ਕਰਵਾ ਦਿੱਤੀ ਜਾਵੇ। ਪਰ ਇਸੇ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਗੁੱਸੇ ’ਚ ਰਮਨ ਸ਼ਰਮਾ ਨੇ ਪ੍ਰਕਾਸ਼ ਕੌਰ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।