ਤਲਵੰਡੀ ਭਾਈ : ਸੰਘਣੀ ਧੁੰਦ ਦੇ ਚੱਲਦਿਆਂ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ‘ਤੇ ਤਲਵੰਡੀ ਭਾਈ ਅਤੇ ਕੋਟ ਕਰੋੜ ਕਲਾਂ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਤਲਵੰਡੀ ਭਾਈ ਪੁਲਸ ਥਾਣੇ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਬਰਾੜ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਕ ਟਰੱਕ ਜੋ ਫਰੀਦਕੋਟ ਵੱਲੋਂ ਬੱਕਰੀਆਂ ਨਾਲ ਲੱਦਿਆ ਹੋਇਆ ਅੰਮ੍ਰਿਤਸਰ ਜਾ ਰਿਹਾ ਸੀ ਕਿ ਪਿੰਡ ਕੋਟ ਕਰੋੜ ਕਲਾਂ ਦੇ ਟੋਲ ਬੈਰੀਅਰ ਨੇੜੇ ਇਕ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਇਸ ਭਿਆਨਕ ਦਰਦਨਾਕ ਹਾਦਸੇ ਵਿਚ ਟਰੱਕ ਚਾਲਕ ਜਗਸੀਰ ਰਾਮ ਪੁੱਤਰ ਰਾਮ ਚੰਦਰ ਵਾਸੀ ਮਿਰਜੇ ਵਾਲਾ, ਸ਼੍ਰੀ ਗੰਗਾਨਗਰ, ਰਾਜਸਥਾਨ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਨਾਲ ਬੈਠਾ ਉਸਦਾ ਭਰਾ ਸੁਰਿੰਦਰ ਵੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਿਆ।
ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਟੋਲ ਮੁਲਾਜ਼ਮਾਂ ਨੇ ਮ੍ਰਿਤਕ ਅਤੇ ਜ਼ਖਮੀਆਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਸ ਵੱਲੋਂ ਦੋਸ਼ੀ ਟਰੱਕ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

