ਜਲੰਧਰ – ਜਲੰਧਰ ਵਿਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ 13 ਸਾਲਾ ਕੁੜੀ ਦੇ ਮਾਮਲੇ ਸਬੰਧੀ ਪਾਸਟਰ ਅੰਕੁਰ ਨਰੂਲਾ ਵੱਲੋਂ ਦਿੱਤੇ ਗਏ ਬਿਆਨ ਨੇ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ। ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਬਾਰੇ ਦਿੱਤੇ ਬਿਆਨ ਨੇ ਪੀੜਤ ਪਰਿਵਾਰ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਾਸਟਰ ਅੰਕੁਰ ਨਰੂਲਾ ਨੇ ਇਕ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਦਾ ਮਿਸ਼ਨ ਪਾਪੀਆਂ ਨੂੰ ਮੁਆਫ਼ੀ ਦਾ ਪ੍ਰਚਾਰ ਕਰਨਾ ਹੈ ਅਤੇ ਚਰਚ ਨੂੰ ਇਕ ਅਧਿਆਤਮਿਕ ਹਸਪਤਾਲ ਦੱਸਿਆ ਸੀ। ਬਾਈਬਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਯਿਸੂ ਧਰਮੀਆਂ ਲਈ ਨਹੀਂ ਹੈ, ਸਗੋਂ ਪਾਪੀਆਂ ਅਤੇ ਗਲਤੀਆਂ ਕਰਨ ਵਾਲਿਆਂ ਲਈ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਮਾਫ਼ ਕਰਦਾ ਹੈ।
ਅੰਕੁਰ ਨਰੂਲਾ ਦੇ ਇਸ ਬਿਆਨ ਮਗਰੋਂ ਕੁੜੀ ਦਾ ਪੀੜਤ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਪੰਜਾਬ ਸਗੋਂ ਪੂਰਾ ਦੇਸ਼ ਉਨ੍ਹਾਂ ਦੀ ਧੀ ਨਾਲ ਹੋਈ ਬੇਰਹਿਮੀ ਅਤੇ ਮੌਤ ਤੋਂ ਦੁਖ਼ੀ ਹੈ ਪਰ ਕੁਝ ਪ੍ਰਭਾਵਸ਼ਾਲੀ ਲੋਕ ਇਸ ਸੰਵੇਦਨਸ਼ੀਲ ਮਾਮਲੇ ਨੂੰ ਗੁੰਝਲਦਾਰ ਬਣਾ ਕੇ ਝੂਠਾ ਪ੍ਰਚਾਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਵਿਅੰਗ ਨਾਲ ਕਿਹਾ ਕਿ ਪਾਸਟਰ ਅੰਕੁਰ ਨਰੂਲਾ ਨੂੰ ਸਾਰੀਆਂ ਜੇਲ੍ਹਾਂ ਖਾਲੀ ਕਰ ਦੇਣੀਆਂ ਚਾਹੀਦੀਆਂ ਹਨ, ਅਜਿਹੇ ਦੋਸ਼ੀਆਂ ਨੂੰ ਆਪਣੇ ਘਰ ਲੈ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪਾਪ ਮੁਆਫ਼ ਕਰਨੇ ਚਾਹੀਦੇ ਹਨ।
ਪਰਿਵਾਰ ਬੋਲਿਆ, ਪਾਸਟਰ ਬਲਜਿੰਦਰ ਨੂੰ ਮੁਆਫ਼ ਕਿਉਂ ਨਹੀਂ ਕੀਤਾ
ਪਰਿਵਾਰ ਨੇ ਇਹ ਵੀ ਕਿਹਾ ਕਿ ਪਾਸਟਰ ਵੱਲੋਂ ਦੋਸ਼ੀ ਲਈ ਮੁਆਫ਼ੀ ਦਾ ਬਿਆਨ ਕੁਝ ਅਜਿਹਾ ਹੈ, ਜੋ ਇਸ ਘਿਨਾਉਣੀ ਘਟਨਾ ਤੋਂ ਬਾਅਦ ਕਦੇ ਕਿਸੇ ਹੋਰ ਨੇ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਸਾਡੇ ਜ਼ਖ਼ਮਾਂ ‘ਤੇ ਲੂਣ ਭੁੱਕਿਆ ਗਿਆ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਪਾਸਟਰ ਦੇ ਨੇੜੇ ਹੈ। ਪੀੜਤ ਪਰਿਵਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪਾਸਟਰ ਅੰਕੁਰ ਨਰੂਲਾ ਨੂੰ ਅਜਿਹਾ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।

