ਚੰਡੀਗੜ੍ਹ : ਪੂਰਾ ਪੰਜਾਬ ਇਸ ਵੇਲੇ ਸੰਘਣੀ ਧੁੰਦ ਦੀ ਲਪੇਟ ‘ਚ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਜਨ-ਜੀਵਨ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਅਗਲੇ ਤਿੰਨ ਤੋਂ ਪੰਜ ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ‘ਬਹੁਤ ਸੰਘਣੀ ਧੁੰਦ’ ਦੀ ਆਰੇਂਜ ਚਿਤਾਵਨੀ ਜਾਰੀ ਰਹੇਗੀ। ਖ਼ਾਸ ਕਰਕੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ‘ਚ ਦਿੱਸਣ ਹੱਦ ਘੱਟ ਰਹਿਣ ਦਾ ਖ਼ਦਸ਼ਾ ਹੈ, ਜਿਸ ਕਾਰਨ ਵਿਭਾਗ ਨੇ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਮੌਸਮ ਖੁਸ਼ਕ ਰਿਹਾ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ 25.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਸ ਤੋਂ ਇਲਾਵਾ ਪੰਜਾਬ ‘ਚ ਬੀਤੇ ਦਿਨ ਨਾਲ ਔਸਤ ਵੱਧ ਤੋਂ ਵੱਧ ਤਾਪਮਾਨ ‘ਚ ਕੋਈ ਬਦਲਾਅ ਨੋਟ ਨਹੀ ਕੀਤਾ ਗਿਆ, ਜੋ ਕਿ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਦਾ ਔਸਤ ਘੱਟ ਤੋਂ ਘੱਟ ਤਾਪਮਾਨ ‘ਚ 0.6 ਡਿਗਰੀ ਸੈਲਸੀਅਸ ਦਾ ਵਾਧਾ ਵੇਖਣ ਨੂੰ ਮਿਲਿਆ, ਜੋ ਕਿ ਆਮ ਨਾਲੋਂ 4.7 ਡਿਗਰੀ ਸੈਲਸੀਅਸ ਵੱਧ ਹੈ।

