ਗੁਰਦਾਸਪੁਰ/ਕਰਾਚੀ: ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਮੋਚ ਗੋਥ ਇਲਾਕੇ ਵਿਚ ਇਕ ਸਕੂਲ ਹੈੱਡਮਾਸਟਰ ਨੇ 10 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰਜ਼ਿਨਾਹ ਕੀਤਾ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੀੜਤ ਵਿਦਿਆਰਥੀ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਵਿੱਚ ਕਿਹਾ ਗਿਆ ਹੈ ਕਿ ਸਕੂਲ ਹੈੱਡਮਾਸਟਰ ਉਸ ਦੀਆਂ ਤਿੰਨ ਧੀਆਂ ਨੂੰ ਪੜ੍ਹਾਉਂਦਾ ਹੈ। ਕੱਲ੍ਹ ਹੈੱਡਮਾਸਟਰ ਨੇ ਫੋਨ ਕੀਤਾ ਅਤੇ ਜੋਰ ਪਾਇਆ ਕਿ ਕੁੜੀਆਂ ਉਸ ਕੋਲ ਪੜ੍ਹਾਈ ਲਈ ਭੇਜੋ, ਸ਼ੁਰੂ ਵਿੱਚ ਇਨਕਾਰ ਕਰਨ ਦੇ ਬਾਵਜੂਦ, ਉਸ ਨੇ ਆਖਿਰਕਾਰ ਉਸ ਦੀ ਜ਼ਿੱਦ ਕਾਰਨ ਆਪਣੀਆਂ ਧੀਆਂ ਨੂੰ ਭੇਜ ਦਿੱਤਾ।
ਘਰ ਪਰਤਣ ਤੋਂ ਬਾਅਦ ਪੀੜਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਹੈੱਡਮਾਸਟਰ ਉਸ ਨੂੰ ਦੂਜੇ ਕਮਰੇ ਵਿਚ ਲੈ ਗਿਆ ਅਤੇ ਉਸ ਦਾ ਜਬਰਜ਼ਿਨਾਹ ਕੀਤਾ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਹੈੱਡਮਾਸਟਰ ਨੇ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਲੜਕੀ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ । ਘਟਨਾ ਤੋਂ ਬਾਅਦ ਪੀੜਤਾ ਦੇ ਮਾਤਾ-ਪਿਤਾ ਅਤੇ ਸਥਾਨਕ ਨਿਵਾਸੀਆਂ ਨੇ ਸ਼ੱਕੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਹੱਬ ਰਿਵਰ ਰੋਡ ’ਤੇ ਪ੍ਰਦਰਸ਼ਨ ਕੀਤਾ। ਇਸ ਧਰਨੇ ਕਾਰਨ ਇਲਾਕੇ ਵਿੱਚ ਆਵਾਜਾਈ ਵਿੱਚ ਕਾਫੀ ਵਿਘਨ ਪਿਆ। ਪਰ ਕਿਹਾ ਜਾ ਰਿਹਾ ਹੈ ਕਿ ਹੈੱਡਮਾਸਟਰ ਸਕੂਲ ਤੋਂ ਫ਼ਰਾਰ ਹੋ ਗਿਆ ਹੈ।