ਅੰਮ੍ਰਿਤਸਰ –ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਇਕ ਵਾਰ ਫਿਰ ਫੁੱਟ ਪਿਆ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਡੀ. ਸੀ. ਪੀ. ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਜਾਂਚ ਰਿਪੋਰਟ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ
ਸਿੱਖ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2020 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ‘ਤੇ ਡਾ. ਈਸ਼ਵਰ ਸਿੰਘ ਦੀ ਦੇਖ-ਰੇਖ ਹੇਠ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਸੀ। ਜਾਂਚ ਰਿਪੋਰਟ ਵਿੱਚ 328 ਸਰੂਪਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਟਾਸਕ ਫੋਰਸ ਵੱਲੋਂ ਲਾਠੀਚਾਰਜ ਅਤੇ ਦਸਤਾਰਾਂ ਦੀ ਬੇਅਦਬੀ ਦਾ ਦੋਸ਼
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਤਰਲੋਚਨ ਸਿੰਘ ਸੋਹਲ ਅਤੇ ਹੋਰ ਆਗੂਆਂ ਦੀ ਅਗਵਾਈ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਲੰਬੇ ਸਮੇਂ ਤੋਂ ਸ਼ਾਂਤਮਈ ਮੋਰਚਾ ਲਗਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੋਰਚੇ ਦੇ 41ਵੇਂ ਦਿਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸਿੱਖਾਂ ‘ਤੇ ਬਲ ਪ੍ਰਯੋਗ ਕੀਤਾ, ਜਿਸ ਦੌਰਾਨ ਸਿੱਖਾਂ ਦੀਆਂ ਦਸਤਾਰਾਂ ਦੀ ਬੇਅਦਬੀ ਹੋਈ ਅਤੇ ਕਈ ਸਿੱਖ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

