ਫਤਿਹਾਬਾਦ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸੰਗਰੂਰ ਦੇ ਮੋਟਰਸਾਇਕਲ ਸਵਾਰ ਅਧਿਆਪਕ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਪਿੱਛੇ ਪਤਨੀ ਸਣੇ ਇੱਕ 23 ਸਾਲਾਂ ਲੜਕਾ ਅਤੇ ਇੱਕ 18 ਸਾਲਾਂ ਦੀ ਲੜਕੀ ਛੱਡ ਗਿਆ ਹੈ ਜਿੰਨ੍ਹਾਂ ਲਈ ਕਮਾਉਣ ਵਾਲਾ ਹੁਣ ਕੋਈ ਵੀ ਨਹੀਂ ਹੈ। ਫਿਲਹਾਲ ਇਸ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਜਤਿੰਦਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਹੈ।
ਮ੍ਰਿਤਕ ਦੀ ਪਹਿਚਾਣ ਪਵਨ ਕੁਮਾਰ ਉਰਫ਼ ਲਟੂਰੀ ਮਾਸਟਰ ਵੱਜੋਂ ਹੋਈ ਹੈ ਜੋ ਕਿ ਜਾਖਲ ਦਾ ਰਹਿਣ ਵਾਲਾ ਸੀ ਤੇ ਸੰਗਰੂਰ ਦੇ ਪਿੰਡ ਕਾਲੀਆ ’ਚ ਇੱਕ ਸਕੂਲ ਚਲਾ ਰਿਹਾ ਸੀ। ਜਾਣਕਾਰੀ ਮੁਤਾਬਕ ਪਵਨ ਕੁਮਾਰ ਦੇਰ ਰਾਤ ਸੰਗਰੂਰ ਤੋਂ ਜਾਖਲ ਨੂੰ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਘਰ ਆਉਂਦੇ ਸਮੇਂ ਜਿਵੇਂ ਹੀ ਉਹ ਚੁੱਲੜ ਕਲਾਂ ਰੇਲਵੇ ਓਵਰਬ੍ਰਿਜ ’ਤੇ ਪਹੁੰਚਿਆਂ ਤਾਂ ਇੱਕ ਅਣਪਛਾਤੇ ਵਾਹਨ ਨੇ ਉਸਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਅਣਪਛਾਤਾ ਵਾਹਨ ਮੌਕੇ ਤੋ ਫਰਾਰ ਹੋ ਗਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ ਤੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਦੋਸ਼ੀਆਂ ਦੀ ਭਾਲ ਕੀਤੀ ਜਾ ਸਕੇ।