ਜਲੰਧਰ —ਵਿਧਾਨ ਸਭਾ ਹਲਕਾ ਜਲੰਧਰ ਵੈਸਟ ਵਿਚ ਜ਼ਿਮਨੀ ਚੋਣਾਂ ਤਹਿਤ ਪੋਲਿੰਗ ਸ਼ੁਰੂ ਹੋ ਗਈ ਹੈ ਤੇ ਲੋਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣ ਲੱਗ ਪਏ ਹਨ। ਇਸ ਵੇਲੇ ਵਿਧਾਨ ਸਭਾ ਹਲਕਾ ਜਲੰਧਰ ਵੈਸਟ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਚਲੇ ਗਏ ਸਨ। ਭਾਜਪਾ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਅਤੇ ਪਿਛਲੀਆਂ ਚੋਣਾਂ ‘ਚ ਭਾਜਪਾ ਵੱਲੋਂ ਚੋਣ ਲੜ ਚੁੱਕੇ ਮੋਹਿੰਦਰ ਭਗਤ ‘ਤੇ ਦਾਅ ਖੇਡਿਆ ਗਿਆ ਹੈ। ਇਹ ਸੀਟ ਇਸ ਲਈ ਵੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਕਿਰਾਏ ‘ਤੇ ਘਰ ਲੈ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਉਨ੍ਹਾਂ ਦੇ ਨਾਲ ਕਈ ਕੈਬਨਿਟ ਮੰਤਰੀਆਂ ਨੇ ਵੀ ਜਲੰਧਰ ਵੈਸਟ ‘ਚ ਹੀ ਡੇਰੇ ਲਾਏ ਹੋਏ ਹਨ।
ਇਸ ਵਿਧਾਨ ਸਭਾ ਹਲਕੇ ਵਿਚ ਕੁੱਲ 171963 ਵੋਟਰਾਂ, ਜਿਨ੍ਹਾਂ ਵਿਚ 89629 ਮਰਦ, 82326 ਔਰਤਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ, ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਹਨ। ਹਲਕੇ ਵਿਚ 10 ਮਾਡਲ ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਪੋਲਿੰਗ ਬੂਥ ਦਾ ਸੰਚਾਲਨ ਸਿਰਫ ਮਹਿਲਾ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ। ਨਿਰਵਿਘਨ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ 872 ਪੋਲਿੰਗ ਸਟਾਫ (ਰਿਜ਼ਰਵ ਸਮੇਤ) ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 96 ਮਾਈਕ੍ਰੋ ਆਬਜ਼ਰਵਰ (ਰਿਜ਼ਰਵ ਸਮੇਤ) ਵੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੇ ਜਾਣਗੇ।
।