ਰਾਏਕੋਟ – ਨੇੜਲੇ ਪਿੰਡ ਲੋਹਟਬੱਦੀ ਦੇ ਰਹਿਣ ਵਾਲੇ ਇੱਕ ਗਰੀਬ ਦਲਿਤ ਪਰਿਵਾਰ ਦੇ ਇਕਲੌਤੇ ਪੁੱਤਰ ਦਾ ਦੁਬਈ ਵਿੱਚ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਮਨਜੋਤ ਸਿੰਘ (20) ਦੇ ਪਿਤਾ ਦਿਲਬਾਗ ਸਿੰਘ, ਚਚੇਰੇ ਭਰਾ ਹਰਜੋਤ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਇਕ ਸਾਲ ਪਹਿਲਾਂ ਆਪਣੇ ਇਕਲੌਤੇ ਪੁੱਤਰ ਨੂੰ ਦੁਬਈ ਭੇਜਿਆ ਸੀ ਪਰ ਉਥੇ ਉਸ ਦਾ ਕਤਲ ਕਰ ਦਿੱਤਾ ਗਿਆ।
ਉਥੇ ਰਹਿੰਦਿਆਂ ਇਕ ਲੜਕੇ ਦੀ ਪਾਕਿਸਤਾਨੀ ਲੜਕਿਆਂ ਨਾਲ ਲੜਾਈ ਹੋ ਗਈ, ਜਿਸ ਦੌਰਾਨ ਉਕਤ ਪਾਕਿਸਤਾਨੀ ਲੜਕਿਆਂ ਵੱਲੋਂ ਮਨਜੋਤ ਤੇ ਉਸ ਦੇ ਸਾਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਮਨਜੋਤ ਦੀ ਮੌਤ ਹੋ ਗਈ ਅਤੇ ਦੂਜੇ ਲੜਕੇ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਨਜੋਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨੰਬਰਦਾਰ ਆਤਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਮੈਂਬਰ ਡਾ: ਅਮਰ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਇਹ ਮਾਮਲਾ ਕੇਂਦਰ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਦੁਬਈ ਦੇ ਰਾਜਦੂਤ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨਜੋਤ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਂਦਾ ਜਾਵੇ ਤਾਂ ਜੋ ਉਸ ਦੇ ਮਾਪੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਉਨ੍ਹਾਂ ਪਰਿਵਾਰ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ।