ਜਲੰਧਰ – ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੰਗਲ ਜਮਾਲਪੁਰ ਵਿਖੇ ਭੂਤਾ ਕਾਲੋਨੀ ਵਿਚ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤ (32) ਵਾਸੀ ਹਰਗੋਬਿੰਦ ਨਗਰ ਧੋਗੜੀ ਰੋਡ ਵਿਖੇ ਹੋਈ ਹੈ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਮਾਂ ਨੇ ਘਟਨਾ ਵਾਲੀ ਥਾਂ ‘ਤੇ ਮੌਜੂਦ ਇਕ ਔਰਤ ਦੇ ਪਤੀ ‘ਤੇ ਆਪਣੇ ਪੁੱਤਰ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਅੰਮ੍ਰਿਤ ਦੀ ਮਾਂ ਦੂਜੀ ਔਰਤ ਦੇ ਪਤੀ ‘ਤੇ ਕਤਲ ਦਾ ਦੋਸ਼ ਲਗਾ ਰਹੀ ਹੈ।
ਹਾਲਾਂਕਿ ਔਰਤ ਆਪਣੇ ਪਤੀ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਉਸ ਦੇ ਪੁੱਤਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਜੀਜਾ ਸੂਰਜ ਨੇ ਦੱਸਿਆ ਕਿ ਉਕਤ ਨੌਜਵਾਨ ਕੈਪੀਟਲ ਹਸਪਤਾਲ ਵਿੱਚ ਕੰਮ ਕਰਦਾ ਸੀ। ਅੰਮ੍ਰਿਤ ਦੀ ਪਤਨੀ ਦਿੱਲੀ ਵਿੱਚ ਕੰਮ ਕਰਦੀ ਹੈ। ਅੰਮ੍ਰਿਤ ਅੱਜ ਸਵੇਰੇ ਕੰਮ ਤੋਂ ਘਰ ਵਾਪਸ ਆਇਆ ਸੀ। ਇਸ ਦੌਰਾਨ ਗੌਰਾ ਨਾਮ ਦਾ ਇਕ ਦੋਸਤ ਉਸ ਦੇ ਘਰ ਆਇਆ ਅਤੇ ਉਸ ਨੂੰ ਕਿਸੇ ਕੰਮ ਦੇ ਬਹਾਨੇ ਲੈ ਗਿਆ। ਰਸਤੇ ਵਿੱਚ ਐਕਟਿਵਾ ਖ਼ਰਾਬ ਹੋ ਗਈ ਅਤੇ ਗੌਰਾ ਨੇ ਮਕੈਨਿਕ ਦੇ ਫੋਨ ਤੋਂ ਮਕੈਨਿਕ ਨੂੰ ਫੋਨ ਕਰਕੇ ਉਸ ਨੂੰ ਪੈਸੇ ਦੇਣ ਲਈ 500 ਰੁਪਏ ਮੰਗੇ। ਇਸ ਤੋਂ ਬਾਅਦ ਦੋਵੇਂ ਭੂਤ ਕਾਲੋਨੀ ਵਿੱਚ ਆ ਗਏ। ਉਹ ਕਾਫ਼ੀ ਸਮੇਂ ਤੱਕ ਲਾਪਤਾ ਸਨ ਅਤੇ ਪਰਿਵਾਰ ਨੇ ਅੰਮ੍ਰਿਤ ਨੂੰ ਫ਼ੋਨ ਕੀਤਾ ਪਰ ਉਸ ਦਾ ਫ਼ੋਨ ਨਹੀਂ ਲੱਗ ਰਿਹਾ ਸੀ।

