ਟੋਂਕ : ਰਾਜਸਥਾਨ ਪੁਲਸ ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਨੇ ਟੋਂਕ ਜ਼ਿਲ੍ਹੇ ਵਿੱਚ ਇੱਕ ਕਾਰ ਨੂੰ ਰੋਕ ਕੇ ਉਸ ਵਿੱਚੋਂ 150 ਕਿਲੋ ਅਮੋਨੀਅਮ ਨਾਈਟਰੇਟ ਅਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ, ਜਿਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਖਾਦ ਦੀਆਂ ਬੋਰੀਆਂ ‘ਚ ਲੁਕਾਇਆ ਸੀ ਮੌਤ ਦਾ ਸਾਮਾਨ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਸਫੋਟਕ ਸਮੱਗਰੀ ਇੱਕ ਮਾਰੂਤੀ ਸਿਆਜ਼ ਕਾਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸੀ। ਟੋਂਕ-ਜੈਪੁਰ ਨੈਸ਼ਨਲ ਹਾਈਵੇਅ 52 ‘ਤੇ ਬਰੌਨੀ ਥਾਣਾ ਖੇਤਰ ਵਿੱਚ ਲਗਾਏ ਗਏ ਨਾਕੇ ਦੌਰਾਨ ਜਦੋਂ ਕਾਰ ਦੀ ਤਲਾਸ਼ੀ ਲਈ ਗਈ, ਤਾਂ ਯੂਰੀਆ ਖਾਦ ਦੀਆਂ ਬੋਰੀਆਂ ਵਿੱਚ ਛੁਪਾ ਕੇ ਰੱਖਿਆ 150 ਕਿਲੋ ਅਮੋਨੀਅਮ ਨਾਈਟਰੇਟ ਬਰਾਮਦ ਹੋਇਆ। ਇਸ ਤੋਂ ਇਲਾਵਾ ਪੁਲਸ ਨੇ 200 ਖ਼ਤਰਨਾਕ ਵਿਸਫੋਟਕ ਕਾਰਤੂਸ ਅਤੇ 6 ਬੰਡਲ ਸੇਫਟੀ ਫਿਊਜ਼ ਵਾਇਰ (ਲਗਭਗ 1100 ਮੀਟਰ) ਵੀ ਬਰਾਮਦ ਕੀਤੇ ਹਨ।

