ਕੋਲਕਾਤਾ- ਚੋਣ ਕਮਿਸ਼ਨ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਨੋਟਿਸ ਭੇਜਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ਮੀ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਕੈਫ਼ ਦੇ ਐੱਸ ਆਈ.ਆਰ. ਫਾਰਮ ’ਚ ਗੜਬੜੀਆਂ ਮਿਲੀਆਂ ਹਨ, ਇਸ ਲਈ ਦੋਵਾਂ ਨੂੰ ਬੁਲਾਇਆ ਗਿਆ ਹੈ। ਹਾਲਾਂਕਿ ਸ਼ਮੀ ਜਾਂ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਇਸ ’ਤੇ ਕੋਈ ਬਿਆਨ ਨਹੀਂ ਆਇਆ ਹੈ।ਸਾਊਥ ਕੋਲਕਾਤਾ ਦੇ ਵਾਰਡ ਨੰਬਰ 93 ਤੋਂ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ’ਚ ਉਨ੍ਹਾਂ ਨੂੰ ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸ਼ਮੀ ਤੇ ਉਨ੍ਹਾਂ ਦਾ ਭਰਾ ਕੈਫ ਕੋਲਕਾਤਾ ਮਿਊਂਸੀਪਲ ਕਾਰਪੋਰੇਸ਼ਨ ਵਾਰਡ ਨੰਬਰ 93 ’ਚ ਵੋਟਰ ਵਜੋਂ ਰਜਿਸਟਰਡ ਹਨ, ਜੋ ਰਾਸਬਿਹਾਰੀ ਵਿਧਾਨ ਸਭਾ ਸੀਟ ਦੇ ਅੰਦਰ ਆਉਂਦਾ ਹੈ। ਹਾਲਾਂਕਿ, ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਹੋਇਆ ਸੀ ਪਰ ਉਹ ਕਈ ਸਾਲਾਂ ਤੋਂ ਕੋਲਕਾਤਾ ਦੇ ਸਥਾਈ ਨਿਵਾਸੀ ਹਨ। ਪੱਛਮੀ ਬੰਗਾਲ ’ਚ ਵਿਸ਼ੇਸ਼ ਡੂੰਘਾਈ ਨਾਲ ਸਮੀਖੀਆ (ਐੱਸ.ਆਈ.ਆਰ.) ਤੋਂ ਬਾਅਦ 16 ਦਸੰਬਰ ਨੂੰ ਪੱਛਮੀ ਬੰਗਾਲ ਦੀ ਡ੍ਰਾਫਟ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿਚ 58.21 ਲੱਖ ਲੋਕਾਂ ਦੇ ਨਾਂ ਕੱਟੇ ਗਏ ਸਨ। ਇਸ ਤੋਂ ਬਾਅਦ ਦਾਅਵਾ, ਇਤਰਾਜ਼ ਅਤੇ ਸੁਣਵਾਈ ਦੀ ਪ੍ਰਕਿਰਿਆ ਚੱਲ ਰਹੀ ਹੈ।

