ਅੰਮ੍ਰਿਤਸਰ (ਆਰ. ਗਿੱਲ)- ਸ਼ਹਿਰ ਦੇ ਲਾਰੈਂਸ ਰੋਡ ਇਲਾਕੇ ਵਿਚ ਨਸ਼ੇ ਦੀ ਗ੍ਰਿਫ਼ਤ ਵਿਚ ਆਈਆਂ ਚਾਰ ਨਾਬਾਲਗ ਕੁੜੀਆਂ (ਉਮਰ 15 ਤੋਂ 17 ਸਾਲ) ਨੇ ਉਸ ਸਮੇਂ ਹੰਗਾਮਾ ਖੜ੍ਹਾ ਕਰ ਦਿੱਤਾ, ਜਦੋਂ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ। ਮਾਮਲਾ ਉਸ ਵੇਲੇ ਹੋਰ ਵਿਗੜ ਗਿਆ, ਜਦੋਂ ਇਕ ਪਿਤਾ ਆਪਣੀ ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ਲੱਗਾ ਤਾਂ ਨਾਲ ਆਏ ਇਕ ਨੌਜਵਾਨ ਨੇ ਪਿਤਾ ’ਤੇ ਹੀ ਹਮਲਾ ਕਰ ਦਿੱਤਾ। ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਨਸ਼ੇ ਦੀ ਵਧਦੀ ਆਦਤ ਦੀ ਗੰਭੀਰ ਤਸਵੀਰ ਪੇਸ਼ ਕਰ ਰਹੀ ਹੈ।ਘਟਨਾ ਮੰਗਲਵਾਰ ਦੇਰ ਸ਼ਾਮ ਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕੁੜੀਆਂ ਸੜਕ ਕਿਨਾਰੇ ਝਗੜਾ ਕਰ ਰਹੀਆਂ ਸਨ ਅਤੇ ਸ਼ਰੇਆਮ ਨਸ਼ੀਲਾ ਸੋਲਿਊਸ਼ਨ ਸੁੰਘ ਰਹੀਆਂ ਸਨ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀਆਂ ਗੁੱਸੇ ਵਿਚ ਆ ਗਈਆਂ। ਉਹ ਲੋਕਾਂ ਨਾਲ ਭਿੜਨ ਲੱਗੀਆਂ ਅਤੇ ਧੱਕਾ-ਮੁੱਕੀ ਕਰਨ ਲੱਗੀਆਂ।ਇਸ ਦੌਰਾਨ ਇਕ ਪਿਤਾ ਆਪਣੀ ਧੀ ਨੂੰ ਘਰ ਲੈ ਕੇ ਜਾਣ ਲਈ ਵਾਲਾਂ ਤੋਂ ਫੜ ਕੇ ਖਿੱਚਣ ਲੱਗਾ। ਇਸ ਤੋਂ ਨਾਰਾਜ਼ ਹੋ ਕੇ ਕੁੜੀਆਂ ਦੇ ਨਾਲ ਮੌਜੂਦ ਇਕ ਨੌਜਵਾਨ ਨੇ ਪਿਤਾ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲੱਗਾ। ਆਸ-ਪਾਸ ਦੇ ਲੋਕ ਘਟਨਾ ਨੂੰ ਦੇਖਦੇ ਰਹੇ, ਪਰ ਹੰਗਾਮਾ ਇੰਨਾ ਵਧ ਗਿਆ ਕਿ ਕਿਸੇ ਨੇ ਦਖ਼ਲ ਨਹੀਂ ਦਿੱਤਾ। ਬਾਅਦ ਵਿਚ ਕੁੜੀਆਂ ਵੱਖ ਹੋ ਕੇ ਨਸ਼ਾ ਕਰਦੀਆਂ ਦਿਖੀਆਂ। ਇਹ ਘਟਨਾ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਦੀ ਡੂੰਘਾਈ ਨੂੰ ਉਜਾਗਰ ਕਰ ਰਹੀ ਹੈ, ਜਿੱਥੇ ਨਾਬਾਲਗਾਂ ਤੱਕ ਇਹ ਲਤ ਪਹੁੰਚ ਚੁੱਕੀ ਹੈ।

