ਆਸਾਮ ਦੇ ਮੋਰੀਗਾਂਵ ਜ਼ਿਲੇ ‘ਚ ਤੇਜ਼ ਰਫਤਾਰ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਬਾਲਗ ਜੰਗਲੀ ਹਾਥੀ ਦੀ ਮੌਤ ਹੋ ਗਈ। ਜੰਗਲਾਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਗੁਹਾਟੀ ਸ਼ਹਿਰ ਦੇ ਬਾਹਰਵਾਰ ਜਗੀਰੋਡ ਇਲਾਕੇ ‘ਚ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਉੱਤਰ-ਪੂਰਬ ਫਰੰਟੀਅਰ ਰੇਲਵੇ (ਐਨਐਫਆਰ) ਦੇ ਅਨੁਸਾਰ, ਇਹ ਹਾਥੀ ਕੋਰੀਡੋਰ ਨਹੀਂ ਸੀ, ਇਸ ਲਈ ਕੋਈ ਸਪੀਡ ਪਾਬੰਦੀਆਂ ਨਹੀਂ ਸਨ।
ਐੱਨਐੱਫਆਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਡੀ ਰਿਪੋਰਟ ਮੁਤਾਬਕ ਇਹ ਘਟਨਾ ਸਵੇਰੇ 4:52 ‘ਤੇ ਵਾਪਰੀ ਅਤੇ ਇਹ ਸਵੇਰ ਦਾ ਸਮਾਂ ਸੀ, ਇਸ ਲਈ ਲੋਕੋ-ਪਾਇਲਟ ਹਾਥੀ ਨੂੰ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕਿਆ। ਹਾਲਾਂਕਿ ਲੋਕੋ-ਪਾਇਲਟ ਨੇ ਆਖਰੀ ਸਮੇਂ ‘ਤੇ ਰਫਤਾਰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਅਨੁਸਾਰ, ਹਾਥੀ ਨੂੰ ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਪਟੜੀ ਦੇ ਨੇੜੇ ਡਿੱਗ ਗਿਆ ਅਤੇ ਮਿੰਟਾਂ ਵਿੱਚ ਹੀ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਜੰਗਲਾਤ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਹਾਥੀ ਦੀ ਮੌਤ ਅੰਦਰੂਨੀ ਸੱਟਾਂ ਖਾਸ ਕਰਕੇ ਸਿਰ ਦੀਆਂ ਸੱਟਾਂ ਕਾਰਨ ਹੋਈ ਹੈ। ਅਧਿਕਾਰੀਆਂ ਮੁਤਾਬਕ ਸ਼ੱਕ ਹੈ ਕਿ ਜੰਗਲੀ ਹਾਥੀ ਝੁੰਡ ਤੋਂ ਭਟਕ ਕੇ ਭੋਜਨ ਦੀ ਭਾਲ ‘ਚ ਜੰਗਲ ‘ਚੋਂ ਨਿਕਲਿਆ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਐੱਨਐੱਫਆਰ ਸਟਾਫ ਦੇ ਸਾਂਝੇ ਯਤਨਾਂ ਨਾਲ ਬੁੱਧਵਾਰ ਸ਼ਾਮ ਨੂੰ ਲਾਸ਼ ਨੂੰ ਟਰੈਕ ਤੋਂ ਹਟਾ ਕੇ ਜੰਗਲੀ ਖੇਤਰ ਦੇ ਨੇੜੇ ਦਫ਼ਨਾ ਦਿੱਤਾ ਗਿਆ।