ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਵੀ.ਸੀ. ਪ੍ਰੋ. ਰੇਣੂ ਵਿੱਗ ਮੁਤਾਬਕ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਵੋਟਰ ਸੂਚੀ ਤਿਆਰ ਕੀਤੀ ਜਾ ਰਹੀ ਹੈ। ਮਹੀਨੇ ਦੇ ਅੰਤ ਤੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਚੋਣਾਂ ਲਈ ਕਰੀਬ 3 ਕਰੋੜ ਰੁਪਏ ਦਾ ਬਜਟ ਮਨਜ਼ੂਰ ਹੋਇਆ ਹੈ। ਸੈਨੇਟ ਚੋਣਾਂ ’ਚ 15 ਗ੍ਰੈਜੂਏਟ ਹਲਕੇ ਦੀਆਂ ਸੀਟਾਂ ਲਈ ਵੋਟਿੰਗ ਪ੍ਰਕਿਰਿਆ ਸਭ ਤੋਂ ਲੰਬੀ ਹੈ। ਚੋਣ ਪ੍ਰਕਿਰਿਆ ਸਬੰਧੀ ਨੋਟੀਫਿਕੇਸ਼ਨ 23 ਜਨਵਰੀ ਨੂੰ ਜਾਰੀ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ 28 ਅਕਤੂਬਰ ਨੂੰ ਸੈਨੇਟ ਤੇ ਸਿੰਡੀਕੇਟ ਦੇ ਪੁਨਰਗਠਨ ਸਬੰਧੀ ਜਾਰੀ ਨੋਟੀਫਿਕੇਸ਼ਨ ਦਾ ਵਿਦਿਆਰਥੀਆਂ ਤੇ ਪਾਰਟੀਆਂ ਨੇ ਵਿਰੋਧ ਕੀਤਾ ਸੀ। ਵੀ.ਸੀ. ਦਫ਼ਤਰ ਬਾਹਰ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕੀਤਾ ਤਾਂ 7 ਨਵੰਬਰ ਨੂੰ ਸਿੱਖਿਆ ਮੰਤਰਾਲੇ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ। ਇਸ ਤੋਂ ਬਾਅਦ 9 ਨਵੰਬਰ ਨੂੰ ਸੈਨੇਟ ਚੋਣ ਪ੍ਰਕਿਰਿਆ ਅਸਲ ਰੂਪ ’ਚ ਸ਼ੁਰੂ ਹੋਈ। ਵੀ.ਸੀ. ਨੇ ਕਿਹਾ ਕਿ ਬਜਟ ਨੂੰ ਕੇਂਦਰ ਤੇ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਪੰਜਾਬ ਸਰਕਾਰ ਤੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਲਈ ਕਰੀਬ 35 ਕਰੋੜ ਰੁਪਏ ਲੰਬਿਤ ਹਨ।

