ਤਰਨਤਾਰਨ (ਰਮਨ ਚਾਵਲਾ): ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡ ਕਾਲੀਆ ਸਕਤਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਕ ਵਿਅਕਤੀ ਦਾ 6 ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਜਸਕਰਨ ਸਿੰਘ ਨੇ ਆਪਣੇ ਖੇਤਾਂ ਵਿਚ ਸਬਜ਼ੀ ਬੀਜੀ ਹੋਈ ਸੀ ਤੇ ਕੇਵਲ ਕ੍ਰਿਸ਼ਨ ਦਾ ਘਰ ਉਸ ਦੇ ਖੇਤਾਂ ਦੇ ਲਾਗੇ ਸੀ। ਸਬਜ਼ੀਆਂ ਵਿਚ ਲਾਇਆ ਹੋਇਆ ਪਾਣੀ ਕੇਵਲ ਕ੍ਰਿਸ਼ਨ ਦੇ ਘਰ ਦੀਆਂ ਨੀਹਾਂ ਵਿਚ ਪੈਂਦਾ ਸੀ। ਕੇਵਲ ਕ੍ਰਿਸ਼ਨ ਨੇ ਜਸਕਰਨ ਸਿੰਘ ਦੇ ਖੇਤਾਂ ਵਿਚੋਂ ਮਿੱਟੀ ਚੁੱਕ ਕੇ ਆਪਣੇ ਘਰ ਦੀਆਂ ਕੰਧਾਂ ਦੇ ਨਾਲ ਪਾ ਦਿੱਤੀ। ਇਸੇ ਗੁੱਸੇ ਵਿਚ ਆਏ ਜਸਕਰਨ ਸਿੰਘ ਵੱਲੋਂ ਕੇਵਲ ਕ੍ਰਿਸ਼ਨ ਨੂੰ 6 ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫ਼ਿਲਹਾਲ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।