ਜਲੰਧਰ –ਕਿਸੇ ਸਕੂਲ ਵਿਚ ਟੀਚਰ ਦੀ ਇੰਟਰਵਿਊ ਦੇ ਕੇ ਆ ਰਹੇ 2 ਨੌਜਵਾਨ ਸ਼ਾਹਪੁਰ ਸਥਿਤ ਸੀ.ਟੀ. ਕਾਲਜ ਵੱਲੋਂ ਪਿੰਡ ਪ੍ਰਤਾਪਪੁਰਾ ਨੂੰ ਜਾਂਦੇ ਸਮੇਂ ਰਸਤੇ ਵਿਚ ਆਉਂਦੇ ਵਾਈ ਪੁਆਇੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਨੋਵਾ ਗੱਡੀ ਨਾਲ ਹੋਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨਾਂ ਦੀ ਐਕਟਿਵਾ ਇਨੋਵਾ ਦੇ ਹੇਠਾਂ ਜਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਹ ਦੋਵੇਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਸੂਚਨਾ ਮਿਲਦੇ ਹੀ ਫਤਹਿਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਦੇ ਇੰਚਾਰਜ ਨਾਰਾਇਣ ਗੌੜ ਅਤੇ ਏ.ਐੱਸ.ਆਈ. ਕਸ਼ਮੀਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਗੰਭੀਰ ਜ਼ਖ਼ਮੀ ਸੜਕ ’ਤੇ ਪਏ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਿਊਜ਼ਿਕ ਟੀਚਰ ਦੀ ਇੰਟਰਵਿਊ ਦੇ ਕੇ ਆਏ 34 ਸਾਲਾ ਜਸਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਚੰਡੀਗੜ੍ਹ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸਦਾ ਦੋਸਤ ਅਮਨਪ੍ਰੀਤ ਸਿੰਘ ਵਾਸੀ ਕਪੂਰਥਲਾ ਹਸਪਤਾਲ ਵਿਚ ਇਲਾਜ ਅਧੀਨ ਹੈ।ਚੌਕੀ ਇੰਚਾਰਜ ਨਾਰਾਇਣ ਗੌੜ ਨੇ ਕਿਹਾ ਕਿ ਮ੍ਰਿਤਕ ਜਸਪ੍ਰੀਤ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਨੁਕਸਾਨੇ ਦੋਵੇਂ ਵਾਹਨ ਇਨੋਵਾ ਅਤੇ ਐਕਟਿਵਾ ਫਤਹਿਪੁਰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਨੋਵਾ ਚਾਲਕ ਮੰਗਤ ਰਾਮ ਤੋਂ ਹਾਦਸੇ ਸਬੰਧੀ ਪੁਲਸ ਪੁੱਛਗਿੱਛ ਕਰ ਰਹੀ ਹੈ।