ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਰਸਤੇ ’ਤੇ ਚੱਲਦਿਆਂ ਪੰਜਾਬ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੀ ਭਲਾਈ ਲਈ ਇੱਕ ਹੋਰ ਕਦਮ ਚੁੱਕਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਦੀਆਂ ਆਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਭਰਤੀਆਂ ਦਾ ਐਲਾਨ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਦੀ ਭਰਤੀ ਕੀਤੀ ਜਾਣੀ ਹੈ, ਤਾਂ ਜੋ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਸਬੰਧਤਾਂ ਨੂੰ ਲਾਭ ਮਿਲ ਸਕੇ।
ਭਰਤੀ ਦੀਆਂ ਸ਼ਰਤਾਂ ਸੰਬੰਧਈ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਿਨੈਕਾਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੋਵੇ, ਉਸ ਦੀ ਉਮਰ 65 ਸਾਲ ਤੋਂ ਵੱਧ ਨਾ ਹੋਵੇ ਅਤੇ ਉਹ ਪੰਜਾਬ ਰਾਜ ਸਰਕਾਰ ਦਾ ਸੇਵਾਮੁਕਤ ਅਧਿਕਾਰੀ ਪ੍ਰਮੁੱਖ ਸਕੱਤਰ ਦੇ ਰੈਂਕ ਤੋਂ ਹੇਠਾ ਨਾ ਹੋਵੇ, ਇਸ ਆਸਾਮੀ ਲਈ ਅਪਲਾਈ ਕਰ ਸਕਦਾ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਦਫ਼ਤਰ ਐਸ.ਸੀ.ਓ ਨੰ:7, ਫੇਜ਼-1, ਐਸ.ਏ.ਐਸ ਨਗਰ ਮੋਹਾਲੀ ’ਚ 6 ਅਗਸਤ 2024 ਤੱਕ ਭੇਜ ਸਕਦੇ ਹਨ।