ਜਲੰਧਰ —ਦੇਰ ਰਾਤ ਪਠਾਨਕੋਟ ਚੌਕ ’ਤੇ ਪਠਾਨਕੋਟ ਸਾਈਡ ਤੋਂ ਆ ਰਹੀ ਇਕ ਬਲੈਰੋ ਕੈਂਪਰ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ’ਤੇ ਜਾ ਚੜ੍ਹੀ। ਬਲੈਰੋ ਫੁੱਟਪਾਥ ‘ਤੇ ਸੁੱਤੇ ਹੋਏ ਇਕ ਮਜ਼ਦੂਰ ਨੂੰ ਘਸੀਟ ਕੇ ਲੈ ਗਈ, ਜਿਸ ਤੋਂ ਬਾਅਦ ਇਸ ਨੇ ਟੈਕਸੀ ਸਟੈਂਡ ’ਤੇ ਖੜ੍ਹੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ’ਚ ਫੁੱਟਪਾਥ ’ਤੇ ਸੁੱਤੇ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਮਜ਼ਦੂਰ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਪਠਾਨਕੋਟ ਵਾਲੇ ਪਾਸੇ ਤੋਂ ਆ ਰਹੀ ਬਲੈਰੋ ਕੈਂਪਰ (ਐੱਚ.ਆਰ. 73ਬੀ 6048) ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਪਠਾਨਕੋਟ ਚੌਕ ’ਚ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ’ਤੇ ਜਾ ਚੜ੍ਹੀ। ਇਕ ਮਜ਼ਦੂਰ ਉਸ ’ਚ ਫਸ ਗਿਆ ਤੇ ਉਹ ਵਾਹਨ ਸਮੇਤ ਘਸੀਟਿਆ ਗਿਆ, ਜਦਕਿ ਦੂਜੇ ਮਜ਼ਦੂਰ ਦੀ ਫੁੱਟਪਾਥ ’ਤੇ ਹੀ ਮੌਤ ਹੋ ਗਈ। 2 ਹੋਰ ਮਜ਼ਦੂਰ ਵੀ ਨੇੜੇ ਹੀ ਪਏ ਸਨ, ਜੋ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਵੀ ਬਲੈਰੋ ਗੱਡੀ ਰੈਸਟੋਰੈਂਟ ਦੇ ਖੰਭੇ ਨਾਲ ਟਕਰਾ ਕੇ ਰੁਕ ਗਈ।
ਜਿਵੇਂ ਹੀ ਲੋਕਾਂ ਨੇ ਇਸ ਦਰਦਨਾਕ ਹਾਦਸੇ ਨੂੰ ਦੇਖਿਆ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਲੋਕਾਂ ਅਨੁਸਾਰ ਉਹ ਨਸ਼ੇ ਦੀ ਹਾਲਤ ’ਚ ਸੀ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 2 ਜ਼ਖ਼ਮੀ ਮਜ਼ਦੂਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ । ਦੱਸਿਆ ਜਾ ਰਿਹਾ ਹੈ ਕਿ ਬਲੇਰੋ ਕੈਂਪਰ ਹਿਮਾਚਲ ਪ੍ਰਦੇਸ਼ ਤੋਂ ਆਈ ਸੀ।
ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਤੇ ਨਾ ਹੀ ਜ਼ਖਮੀਆਂ ਦੇ ਨਾਂ ਦਾ ਪਤਾ ਲੱਗਾ ਹੈ। ਪੁਲਸ ਨੇ ਲਾਸ਼ਾਂ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।ਬੋਲੈਰੋ ਚਾਲਕ ਸ਼ੁਭਮ ਦੀ ਮੰਨੀਏ ਤਾਂ ਉਸ ਨੇ ਕਿਹਾ ਕਿ ਜਿਵੇਂ ਹੀ ਉਹ ਪਠਾਨਕੋਟ ਚੌਕ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਦੇ ਅੱਗੇ 2 ਬਾਈਕ ਆ ਗਏ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੀ ਕਾਰ ਬੇਕਾਬੂ ਹੋ ਕੇ ਫੁੱਟਪਾਥ ’ਤੇ ਜਾ ਚੜ੍ਹੀ।