ਅੰਮ੍ਰਿਤਸਰ : ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਤੇ ਉਸ ਦੇ ਸਾਥੀਆਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਖ਼ਤਰਨਾਕ ਗੈਂਗਸਟਰ ਰਾਹੁਲ ਰੌਲਾ ਨੂੰ ਉਸ ਦੇ 6 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਸ ਨੇ ਇਹ ਆਪ੍ਰੇਸ਼ਨ ਅੰਮ੍ਰਿਤਸਰ ਦੇ ਰੂਪ ਹੋਟਲ ’ਚ ਕੀਤਾ, ਜਿੱਥੇ ਸਾਰੇ ਮੁਲਜ਼ਮ ਰੁਕੇ ਹੋਏ ਸਨ। ਪੁਲਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲਾਂ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਹ ਜਾਣਕਾਰੀ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਦੀ ਦੁਸ਼ਮਣੀ ਹੁਸ਼ਿਆਰਪੁਰ ਜੇਲ੍ਹ ਤੋਂ ਸ਼ੁਰੂ ਹੋਈ ਸੀ, ਇਸ ਤੋਂ ਬਾਅਦ ਰੌਲਾ ਨੇ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ’ਤੇ ਹਮਲੇ ਦੀ ਯੋਜਨਾ ਬਣਾਈਹੁਸ਼ਿਆਰਪੁਰ ਜੇਲ੍ਹ ’ਚ ਗੁਰਿੰਦਰ ਗੋਰਾ ਤੇ ਰਾਹੁਲ ਰੌਲਾ ਦੇ ਦਰਮਿਆਨ ਝਗੜਾ ਹੋ ਗਿਆ ਸੀ, ਉਥੇ ਹੀ ਦੋਵਾਂ ’ਚ ਦੁਸ਼ਮਣੀ ਸ਼ੁਰੂ ਹੋ ਗਈ। ਹਾਲ ਹੀ ’ਚ ਰਾਹੁਲ ਰੌਲਾ ਜ਼ਮਾਨਤ ’ਤੇ ਬਾਹਰ ਆਇਆ ਹੈ, ਜਿਸ ਨੇ ਬਾਹਰ ਆਉਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਯੋਜਨਾ ਸ਼ੁਰੂ ਕੀਤੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਰਾਹੁਲ ਦੇ ਸਾਥੀਆਂ ’ਚ ਕਰਨ, ਸੁਖਦੀਪ, ਅਭੈ ਸ਼ਰਮਾ, ਰਾਘਵ ਕੁਮਾਰ ਤੇ ਰਮੇਸ਼ ਸ਼ਾਮਲ ਹਨ। ਪੁਲਸ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।