ਬਟਾਲਾ – ਮੌਤ ਰੂਪੀ, ਖੂਨੀ ਅਤੇ ਬੇਹੱਦ ਖਤਰਨਾਕ ਚਾਈਨਾ ਡੋਰ ਨੇ ਇੱਕ 65 ਸਾਲਾਂ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਉਸ ਦਾ ਗਲਾ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ, ਜਿਸ ਕਰਕੇ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਲਕਪੁਰ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਮਲਕਪੁਰ ਦੇ ਰਹਿਣ ਵਾਲੇ 65 ਸਾਲਾਂ ਗੁਰਦਿਆਲ ਸਿੰਘ ਪੁੱਤਰ ਅਜੀਤ ਸਿੰਘ ਆਪਣੀ ਪਤਨੀ ਅਤੇ ਪੋਤਰੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਾਦੀਆਂ ਰੋਡ ਤੋਂ ਹੰਸਲੀ ਨਾਲੇ ਦੇ ਕੰਢੇ ਕੰਢੇ ਕਾਹਨੂੰਵਾਨ ਰੋਡ ਨੂੰ ਆਉਂਦੀ ਸੜਕ ਵਾਲੇ ਪਾਸੇ ਤੋਂ ਪਿੰਡ ਆ ਰਹੇ ਸਨ ।
ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਗੁਰਦਿਆਲ ਸਿੰਘ ਹੰਸਲੀ ਨਾਲੇ ਦੀ ਸੜਕ ‘ਤੇ ਪਹੁੰਚੇ ਤਾਂ ਚਾਈਨਾ ਡੋਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਉਨ੍ਹਾਂ ਦਾ ਗਲਾ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ, ਜਿਸ ਕਰਕੇ ਗੁਰਦਿਆਲ ਸਿੰਘ ਖੂਨ ਨਾਲ ਲੱਥ ਪੱਥ ਹੋ ਗਏ। ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਗੁਰਦਿਆਲ ਸਿੰਘ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਭਾਰੀ ਮੁਸ਼ੱਕਤ ਕਰਦਿਆਂ ਉਨ੍ਹਾਂ ਦੇ ਗਲੇ ਨੂੰ 32 ਟਾਂਕੇ ਲਗਾਏ ਗਏ।

