ਨਵੀਂ ਦਿੱਲੀ : ਲੋਕ ਸਭਾ ਵਿੱਚ ਮੰਗਲਵਾਰ ਨੂੰ ‘ਅਣਉਚਿਤ ਵਿਵਹਾਰ’ ਕਰਨ ਦੇ ਦੋਸ਼ ਵਿੱਚ ਵਿਰੋਧੀ ਧਿਰ ਦੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਂਬਰਾਂ ‘ਤੇ ਸਦਨ ਵਿੱਚ ਕਾਗਜ਼ ਪਾੜਨ ਅਤੇ ਉਨ੍ਹਾਂ ਨੂੰ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਗੰਭੀਰ ਦੋਸ਼ਾਂ ਕਾਰਨ ਸਸਪੈਂਡ ਕੀਤਾ ਗਿਆ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਨ੍ਹਾਂ ਮੈਂਬਰਾਂ ਨੂੰ ਬਜਟ ਸੈਸ਼ਨ ਦੀ ਬਾਕੀ ਮਿਆਦ, ਜੋ ਕਿ 2 ਅਪ੍ਰੈਲ ਤੱਕ ਚੱਲਣੀ ਹੈ, ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ ਹੈ।
ਸਦਨ ਵਿੱਚ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਾਬਕਾ ਫੌਜ ਮੁਖੀ ਐੱਮ.ਐੱਮ. ਨਰਵਣੇ ਦੀ ਇੱਕ ਅਣ-ਪ੍ਰਕਾਸ਼ਿਤ ਕਿਤਾਬ ਦੇ ਅੰਸ਼ਾਂ ਦਾ ਹਵਾਲਾ ਦੇਣ ਤੋਂ ਰੋਕ ਦਿੱਤਾ ਗਿਆ। ਇਹ ਹਵਾਲੇ 2020 ਦੇ ਭਾਰਤ-ਚੀਨ ਸਰਹੱਦੀ ਵਿਵਾਦ ਨਾਲ ਸਬੰਧਤ ਸਨ।
ਜਦੋਂ ਰਾਹੁਲ ਗਾਂਧੀ ਨੂੰ ਇਸ ਬਾਰੇ ਬੋਲਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਦੇ ਸਾਥੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਵਗ੍ਹਾ ਕੇ ਮਾਰੇ, ਜਿਸ ਮਗਰੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਡੀਨ ਕੁਰਿਆਕੋਸ, ਕਿਰਣ ਕੁਮਾਰ ਰੈੱਡੀ, ਵੈਂਕਟ ਰਮਨ, ਮਣਿਕਮ ਕਿਸ਼ੋਰ, ਪ੍ਰਸ਼ਾਂਤ ਪਡੋਲੇ ਤੇ ਹਿਬੀ ਈਡਨ ਨੂੰ ਸੰਸਦ ਦੇ ਬਾਕੀ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ।

