ਇੰਟਰਨੈਸ਼ਨਲ – ਅਮਰੀਕਾ ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਇਕ ਰੈਲੀ ‘ਚ ਗੋਲੀਬਾਰੀ ਹੋ ਗਈ ਹੈ।
ਜਾਣਕਾਰੀ ਮੁਤਾਬਕ ਉਹ ਪੈਨਸਿਲਵੇਨੀਆ ਦੇ ਬਟਲਰ ‘ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਸ ਸਮੇਂ ਗੋਲ਼ੀਬਾਰੀ ਹੋਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਜਨਤਾ ਨੂੰ ਸੰਬੋਧਨ ਕਰ ਰਹੇ ਸਨ ਤੇ ਅਚਾਨਕ ਇਕ ਪਾਸੋਂ ਆਈ ਗੋਲ਼ੀ ਉਨ੍ਹਾਂ ਦੇ ਕੰਨ ਨੂੰ ਛੂੰਹਦੀ ਹੋਈ ਗੁਜ਼ਰ ਗਈ ਤੇ ਉਨ੍ਹਾਂ ਦਾ ਖ਼ੂਨ ਵੀ ਨਿਕਲਦਾ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੰਪ ਜਦੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਤਾੜ-ਤਾੜ ਗੋਲ਼ੀਆਂ ਚੱਲਣ ਦੀ ਆਵਾਜ਼ ਆਉਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਸਟੇਜ ‘ਤੇ ਆ ਕੇ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਸੁਰੱਖਿਅਤ ਸਥਾਨ ‘ਤੇ ਲੈ ਗਏ। ਫਿਲਹਾਲ ਉੱਥੇ ਦੀ ਸਥਿਤੀ ਕਾਬੂ ‘ਚ ਦੱਸੀ ਜਾ ਰਹੀ ਹੈ ਤੇ ਟਰੰਪ ਦੀ ਸਿਹਤ ਵੀ ਠੀਕ-ਠਾਕ ਦੱਸੀ ਜਾ ਰਹੀ ਹੈ।