ਜਲੰਧਰ/ਕਪੂਰਥਲਾ – ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਸਰਕਾਰ ‘ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਮੁੱਖ ਸਕੱਤਰ ਦੇ ਦਫ਼ਤਰ ਰਾਹੀਂ ਵੋਟਰਾਂ ਦਾ ਨਿੱਜੀ ਅਤੇ ਸੰਵੇਦਨਸ਼ੀਲ ਡਾਟਾ ਇਕੱਠਾ ਕਰ ਰਹੀ ਹੈ, ਜੋਕਿ ਨਿੱਜਤਾ ਦੇ ਅਧਿਕਾਰ ਅਤੇ ਪ੍ਰਸ਼ਾਸਨਿਕ ਨਿਰਪੱਖਤਾ ਦੀ ਉਲੰਘਣਾ ਹੈ।
ਵੋਟਰਾਂ ਦੇ ਨਿੱਜੀ ਡਾਟਾ ਇਕੱਠਾ ਕਰਨ ਦੇ ਇਲਜ਼ਾਮ
ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਮੁੱਖ ਸਕੱਤਰ ‘ਤੇ “ਜਾਤੀ ਅਤੇ ਨਸ਼ਾ ਜਨਗਣਨਾ” (Caste and Drug Census) ਸ਼ੁਰੂ ਕਰਨ ਲਈ ਦਬਾਅ ਪਾ ਰਹੀ ਹੈ। ਇਸ ਸਰਵੇਖਣ ਦੌਰਾਨ ਅਧਿਕਾਰੀਆਂ ਵੱਲੋਂ ਨਾਗਰਿਕਾਂ ਤੋਂ 127 ਨਿੱਜੀ ਸਵਾਲ ਪੁੱਛੇ ਜਾ ਰਹੇ ਹਨ, ਜਿਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਜਾਤ, ਧਰਮ ਅਤੇ ਡੇਰਾ ਜਾਣ ਵਰਗੀਆਂ ਸੰਵੇਦਨਸ਼ੀਲ ਜਾਣਕਾਰੀਆਂ ਸ਼ਾਮਲ ਹਨ। ਇਨ੍ਹਾਂ ਸਵਾਲਾਂ ਦੀ ਪ੍ਰਕਿਰਤੀ ਅਤੇ ਦਾਇਰਾ ਕਿਸੇ ਵੀ ਜਾਇਜ਼ ਪ੍ਰਸ਼ਾਸਕੀ ਜਾਂ ਭਲਾਈ ਉਦੇਸ਼ ਤੋਂ ਬਹੁਤ ਪਰੇ ਹੈ ਅਤੇ ਦਖ਼ਲਅੰਦਾਜ਼ੀ, ਪੱਖਪਾਤੀ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਜਾਪਦਾ ਹੈ।

