ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਸੋਲਨ ਤੋਂ ਦੋਸਤਾਂ ਨਾਲ ਘੁੰਮ ਕੇ ਪਰਤ ਰਹੀ ਕੁੜੀ ਆਈ. ਟੀ. ਪਾਰਕ ਪਹੁੰਚਦਿਆਂ ਹੀ ਬੇਹੋਸ਼ ਹੋ ਗਈ। ਦੋਸਤ ਉਸ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸਿਮਰਨ ਵਾਸੀ ਕਰਨਾਲ ਵਜੋਂ ਹੋਈ ਹੈ। ਉਸ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਾਲੇ ਹਸਪਤਾਲ ਪਹੁੰਚ ਗਏ। ਮੌਤ ਦਾ ਕਾਰਨ ਜਾਨਣ ਲਈ ਸੋਮਵਾਰ ਨੂੰ ਡਾਕਟਰਾਂ ਦੇ ਪੈਨਲ ਵੱਲੋਂ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸਿਮਰਨ ਯੂਨੀਵਰਸਿਟੀ ਦੇ ਹੋਸਟਲ ਨੰਬਰ-3 ’ਚ ਰਹਿੰਦੀ ਸੀ। ਸ਼ਨੀਵਾਰ ਰਾਤ ਕਰੀਬ 11 ਵਜੇ ਉਹ ਹੋਸਟਲ ਤੋਂ ਚਾਰ ਦੋਸਤਾਂ ਨਾਲ ਸੋਲਨ ਗਈ ਸੀ। ਐਤਵਾਰ ਸਵੇਰੇ ਜਦੋਂ ਉਹ ਬਿਮਾਰ ਹੋ ਗਈ ਤਾਂ ਉਸ ਦੇ ਦੋਸਤ ਕਾਰ ਰਾਹੀਂ ਚੰਡੀਗੜ੍ਹ ਆ ਰਹੇ ਸਨ। ਦੁਪਹਿਰ ਨੂੰ ਆਈ. ਟੀ. ਪਾਰਕ ਪਹੁੰਚਦਿਆਂ ਹੀ ਉਹ ਬੇਹੋਸ਼ ਹੋ ਗਈ। ਦੋਸਤ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੈਕਟਰ-16 ਪੁਲਸ ਚੌਂਕੀ ਪੁਲਸ ਨੇ ਆਈ. ਟੀ. ਪਾਰਕ ਥਾਣਾ ਪੁਲਸ ਨੂੰ ਸੂਚਿਤ ਕੀਤਾ। ਇੰਸਪੈਕਟਰ ਜੁਲਦਾਨ ਸਿੰਘ ਟੀਮ ਨਾਲ ਹਸਪਤਾਲ ਪੁੱਜੇ ਅਤੇ ਦੋਸਤਾਂ ਦੇ ਬਿਆਨ ਦਰਜ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।