ਜਲੰਧਰ –ਜਲੰਧਰ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਹਜ਼ਾਰਾ ਵਿਚ ਇਕ ਵਿਅਕਤੀ ਵੱਲੋਂ ਜ਼ਹਿਰੀਲਾ ਬਿਸਕੁਟ ਖੁਆ ਕੇ ਆਪਣੇ 6 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰੁਪੇਸ਼ ਦੇ ਤੌਰ ’ਤੇ ਹੋਈ ਹੈ। ਐੱਸ. ਐੱਚ. ਓ. ਪਤਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਮ੍ਰਿਤਕ ਬੱਚੇ ਰੁਪੇਸ਼ ਦੀ ਮਾਂ ਮਮਤਾ ਦੇਵੀ ਦੇ ਬਿਆਨਾਂ ’ਤੇ ਮ੍ਰਿਤਕ ਬੱਚੇ ਦੇ ਮੁਲਜ਼ਮ ਪਿਤਾ ਗਜੇਂਦਰ ਮੁਖੀਆ, ਜੋਕਿ ਮੂਲ ਰੂਪ ਤੋਂ ਪਿੰਡ ਮਤਕਰਚਕ, ਥਾਣਾ ਬਿਹਾਰੀਗੰਜ, ਜ਼ਿਲ੍ਹਾ ਮਧੇਪੁਰਾ ਬਿਹਾਰ ਦਾ ਰਹਿਣ ਵਾਲਾ ਹੈ, ਦੇ ਖ਼ਿਲਾਫ਼ ਧਾਰਾ 103 (1) ਬੀ. ਐੱਨ. ਐੱਸ. ਤਹਿਤ 11 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਮਮਤਾ ਦੇਵੀ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਉਹ ਸ਼ਾਮ ਲਗਭਗ 7 ਵਜੇ ਰਾਤ ਦਾ ਖਾਣਾ ਬਣਾ ਰਹੀ ਸੀ ਕਿ ਉਸ ਦਾ ਲੜਕਾ ਰੁਪੇਸ਼ ਉਸ ਕੋਲ ਆਇਆ, ਜਿਸ ਦੇ ਹੱਥ ਵਿਚ 2 ਬਿਸਕੁਟ ਫੜੇ ਹੋਏ ਸਨ ਅਤੇ ਇਕ ਬਿਸਕੁਟ ਉਹ ਖਾ ਰਿਹਾ ਸੀ। ਉਸ ਨੇ ਕਿਹਾ ਕਿ ਉਸ ਨੂੰ ਪਾਪਾ ਨੇ ਦਵਾਈ ਪਿਆ ਦਿੱਤੀ ਹੈ। ਇਸੇ ਦੌਰਾਨ ਉਸ ਨੇ ਉਲਟੀ ਕਰ ਦਿੱਤੀ, ਜਿਸ ਦੇ ਬਾਅਦ ਉਸ ਨੇ ਵੇਖਿਆ ਕਿ ਰੁਪੇਸ਼ ਦੇ ਹੱਥਾਂ ਵਿਚ ਫੜੇ ਹੋਏ ਬਿਸਕੁਟਾਂ ’ਤੇ ਕੁਝ ਲਿਕੁਇਡ ਲੱਗਾ ਹੋਇਆ ਸੀ।
ਉਸ ਨੇ ਰੁਪੇਸ਼ ਦੇ ਹੱਥਾਂ ਵਿਚੋਂ ਬਿਸਕੁਟ ਲੈ ਕੇ ਉਸ ਨੂੰ ਸੁੱਟ ਦਿੱਤਾ ਅਤੇ ਉਹ ਤੁਰੰਤ ਲੜਕੇ ਨੂੰ ਚੁੱਕ ਕੇ ਆਪਣੇ ਪਿਤਾ ਭੁੱਲਰ ਮੁਖੀਆ, ਜੋਕਿ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ, ਨੂੰ ਨਾਲ ਲੈ ਕੇ ਸਿਵਲ ਹਸਪਤਾਲ ਜਲੰਧਰ ਪਹੁੰਚੀ ਪਰ ਡਾਕਟਰਾਂ ਨੇ ਬੱਚੇ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਥੇ ਪਹੁੰਚੇ ਤਾਂ ਡਾਕਟਰਾਂ ਨੇ ਰੁਪੇਸ਼ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਪਤੀ ਗਜੇਂਦਰ ਮੁਖੀਆ ਨੇ ਹੀ ਆਪਣੇ ਬੇਟੇ ਦਾ ਕਤਲ ਕੀਤਾ ਹੈ।

