ਅਬੋਹਰ – ਅਬੋਹਰ-ਮਲੋਟ ਰੋਡ ’ਤੇ ਟਰੱਕ ਯੂਨੀਅਨ ਨੇੜੇ ਇਕ ਹੋਟਲ ‘ਚ ਬੀਤੀ ਸ਼ਾਮ ਇਕ ਨੌਜਵਾਨ ਨੇ ਆਪਣੇ ਨਾਲ ਆਈ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਹੋਟਲ ਸਟਾਫ਼ ਤੋਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਸਟੇਸ਼ਨ ਇੰਚਾਰਜ ਰਵਿੰਦਰ ਭਿੱਟੀ ਅਤੇ ਸੀਨੀਅਰ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ। ਕੁੜੀ ਨਾਲ ਜਬਰ-ਜ਼ਿਨਾਹ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਕੁੜੀ ਸ਼ਾਮ 5 ਵਜੇ ਦੇ ਕਰੀਬ ਆਪਣੇ ਇਕ ਨੌਜਵਾਨ ਦੋਸਤ ਨਾਲ ਹੋਟਲ ਵਿਚ ਪਹੁੰਚੀ ਸੀ। ਸ਼ਾਮ 5:30 ਵਜੇ ਦੇ ਕਰੀਬ ਨੌਜਵਾਨ ਜ਼ੋਮੈਟੋ ਤੋਂ ਖਾਣਾ ਮੰਗਵਾਉਣ ਦਾ ਬਹਾਨਾ ਕਰਕੇ ਹੋਟਲ ਤੋਂ ਬਾਹਰ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਹੋਟਲ ਸਟਾਫ਼ ਅਨੁਸਾਰ ਸ਼ਾਮ 7:00 ਵਜੇ ਦੇ ਕਰੀਬ ਕਮਰੇ ਵਿੱਚੋਂ ਕੋਈ ਹਰਕਤ ਨਾ ਸੁਣਾਈ ਦੇਣ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਹੋਟਲ ਸਟਾਫ਼ ਨੇ ਕਮਰੇ ਦੀ ਜਾਂਚ ਕੀਤੀ ਤਾਂ ਵੇਖਿਆ ਕਿ ਕੁੜੀ ਦੀ ਬੇਰਹਿਮਾ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਘਟਨਾ ਦਾ ਪਤਾ ਲੱਗਣ ’ਤੇ, ਹੋਟਲ ਮਾਲਕ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪਿਤਾ ਜੈ ਲਾਲ ਨੇ ਦੱਸਿਆ ਕਿ ਉਸ ਦੀ ਸੱਸ ਦਾ ਦੋ ਦਿਨ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ ਅਤੇ ਪੂਰਾ ਪਰਿਵਾਰ ਕਾਨਪੁਰ ਗਿਆ ਹੋਇਆ ਸੀ। ਪਰਿਵਾਰ ਪਿਛਲੇ ਦਿਨ ਹੀ ਘਰ ਵਾਪਸ ਆਇਆ ਸੀ। ਪੂਰਾ ਪਰਿਵਾਰ ਪਿੰਡ ਦੇ ਗਊਸ਼ਾਲਾ ‘ਚ ਇਕ ਵਿਆਹ ‘ਚ ਸ਼ਾਮਲ ਹੋਣ ਵਿੱਚ ਰੁੱਝਿਆ ਹੋਇਆ ਸੀ ਅਤੇ ਉਨ੍ਹਾਂ ਦੀ ਧੀ ਵੀ ਉੱਥੇ ਗਈ ਹੋਈ ਸੀ। ਜਦੋਂ ਧੀ ਦੇਰ ਰਾਤ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਾਤ 11 ਵਜੇ ਦੇ ਕਰੀਬ ਪੁਲਸ ਉਨ੍ਹਾਂ ਦੇ ਘਰ ਪਹੁੰਚੀ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਸ ਜਗ੍ਹਾ ’ਤੇ ਲੈ ਗਈ ਜਿੱਥੇ ਉਨ੍ਹਾਂ ਦੀ ਧੀ ਦੀ ਲਾਸ਼ ਪਈ ਸੀ।

