ਬਠਿੰਡਾ : ਸਾਲ 2021 ’ਚ ਇਕ ਔਰਤ ਨਾਲ ਜਬਰ-ਜ਼ਿਨਾਹ ਦੇ ਗੰਭੀਰ ਮਾਮਲੇ ’ਚ ਨਾਮਜ਼ਦ ਸੀ. ਆਈ. ਏ. ਦੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਨਾਲ ਪੁਲਸ ਮਹਿਕਮੇ ’ਚ ਹਲਚਲ ਮਚ ਗਈ ਹੈ। ਅਦਾਲਤ ਦੇ ਇਸ ਫ਼ੈਸਲੇ ਨੂੰ ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ ਲਈ ਵੱਡਾ ਅਤੇ ਇਤਿਹਾਸਕ ਸੰਦੇਸ਼ ਮੰਨਿਆ ਜਾ ਰਿਹਾ ਹੈ। ਮਾਮਲੇ ਦੇ ਮੁੱਖ ਗਵਾਹ ਅਨੁਸਾਰ ਮਈ 2021 ’ਚ ਥਾਣੇਦਾਰ ਗੁਰਵਿੰਦਰ ਸਿੰਘ ਨੇ ਨਸ਼ਾ ਸਮੱਗਲਿੰਗ ਦੇ ਇਕ ਕੇਸ ’ਚ ਪੀੜਤਾ ਦੇ ਪੁੱਤਰ ਨੂੰ ਥਾਣਾ ਕੈਂਟ ’ਚ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਉਹ ਨੌਜਵਾਨ ਦੀ ਮਾਂ ਨੂੰ ਡਰਾਉਣ-ਧਮਕਾਉਣ ਲੱਗ ਪਿਆ ਅਤੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਉਸ ’ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਉਂਦਾ ਰਿਹਾ।
ਗਵਾਹ ਨੇ ਦੱਸਿਆ ਕਿ 10 ਮਈ 2021 ਨੂੰ ਥਾਣੇਦਾਰ ਨੇ ਪਹਿਲਾਂ ਆਪਣੀ ਗੱਡੀ ’ਚ ਔਰਤ ਨਾਲ ਜਬਰ-ਜ਼ਿਨਾਹ ਕੀਤਾ ਅਤੇ ਅਗਲੇ ਦਿਨ ਰਾਤ ਨੂੰ ਉਹ ਪੀੜਤਾ ਦੇ ਘਰ ਪਹੁੰਚ ਗਿਆ, ਜਿੱਥੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਔਰਤ ਦੇ ਸ਼ੋਰ ਮਚਾਉਣ ’ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਫੜ੍ਹ ਕੇ ਥਾਣਾ ਨਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਨਥਾਣਾ ਪੁਲਸ ਨੇ ਮੁਲਜ਼ਮ ਥਾਣੇਦਾਰ ਖ਼ਿਲਾਫ਼ ਜਬਰ-ਜ਼ਿਨਾਹ ਸਮੇਤ ਹੋਰ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ।

