ਪਟਨਾ — ਬਿਹਾਰ ਦੇ ਪਟਨਾ ਜ਼ਿਲ੍ਹੇ ‘ਚ ਬਖਤਿਆਰਪੁਰ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ-31 ‘ਤੇ ਓਵਰਬਰਿੱਜ ਦੇ ਨੇੜੇ ਮੰਗਲਵਾਰ ਤੜਕੇ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਸਕਰਾਪੀਓ ਦੇ ਸੜਕ ਕਿਨਾਰੇ ਖੜ੍ਹੇ ਹਾਈਵਾ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਸਬ-ਡਵੀਜ਼ਨਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਅਭਿਸ਼ੇਕ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਨਵਾਦਾ ਤੋਂ ਬਖਤਿਆਰਪੁਰ ਵੱਲ ਆ ਰਹੀ ਸਕਾਰਪੀਓ ਨੈਸ਼ਨਲ ਹਾਈਵੇਅ-31 ਦੇ ਕਿਨਾਰੇ ਖੜ੍ਹੇ ਹਾਈਵਾ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਸਕਾਰਪੀਓ ਸਵਾਰ ਕੁੱਲ 11 ਲੋਕਾਂ ‘ਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਭਿਸ਼ੇਕ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਗੰਭੀਰ ਰੂਪ ਨਾਲ ਜ਼ਖ਼ਮੀ 7 ਲੋਕਾਂ ਨੂੰ ਬਖਤਿਆਰਪੁਰ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਡਾਕਟਰਾਂ ਨੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀ.ਐੱਮ.ਸੀ.ਐੱਚ.) ਰੈਫਰ ਕੀਤਾ, ਜਿੱਥੇ ਇਕ ਵਿਅਕਤੀ ਦੀ ਮੌਤ ਹੋ ਗਈ। ਐੱਸ.ਡੀ.ਪੀ.ਓ. ਨੇ ਦੱਸਿਆ ਕਿ ਹੋਰ 5 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।