ਅਬੂਜਾ : ਨਾਈਜੀਰੀਆ ਵਿੱਚ ਇੱਕ ਘਰੇਲੂ ਉਡਾਣ ਦੌਰਾਨ ਉਸ ਸਮੇਂ ਚੀਕ-ਚਿਹਾੜਾ ਮਚ ਗਿਆ, ਜਦੋਂ ਅਸਮਾਨ ਵਿੱਚ ਉੱਡ ਰਹੇ ਜਹਾਜ਼ ਦਾ ਇੰਜਣ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਖ਼ੌਫ਼ਨਾਕ ਮੰਜ਼ਰ ਨੂੰ ਦੇਖ ਕੇ ਜਹਾਜ਼ ਵਿੱਚ ਸਵਾਰ ਕਰੀਬ 80 ਯਾਤਰੀ ਆਪਣੀ ਜਾਨ ਦੀ ਸਲਾਮਤੀ ਲਈ ਦੁਆਵਾਂ ਮੰਗਣ ਲੱਗੇ। ਹਾਲਾਂਕਿ, ਪਾਇਲਟਾਂ ਦੀ ਸੂਝ-ਬੂਝ ਸਦਕਾ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਧਮਾਕੇ ਦੇ ਨਾਲ ਯਾਤਰੀਆਂ ਦੇ ਸਾਹ ਸੁੱਕ ਗਏ।
ਉਤਰਨ ਦੀ ਤਿਆਰੀ ਵੇਲੇ ਹੋਇਆ ਜ਼ੋਰਦਾਰ ਧਮਾਕਾ
ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਜਹਾਜ਼ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਕੇ ਉਤਰਨ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਬਹੁਤ ਭਿਆਨਕ ਆਵਾਜ਼ ਆਈ ਅਤੇ ਜਹਾਜ਼ ਦਾ ਖੱਬਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸੈਂਕੜੇ ਫੁੱਟ ਦੀ ਉਚਾਈ ‘ਤੇ ਹੋਏ ਇਸ ਧਮਾਕੇ ਕਾਰਨ ਯਾਤਰੀਆਂ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਚਸ਼ਮਦੀਦਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇੰਜਣ ਦਾ ਇੱਕ ਹਿੱਸਾ ਹਵਾ ਵਿੱਚ ਹੀ ਟੁੱਟ ਕੇ ਵੱਖ ਹੋ ਗਿਆ।
ਸਿਰਫ਼ ਇੱਕ ਇੰਜਣ ਦੇ ਸਹਾਰੇ ਹੋਈ ਐਮਰਜੈਂਸੀ ਲੈਂਡਿੰਗ
ਇੰਜਣ ਫੇਲ ਹੋਣ ਦੇ ਬਾਵਜੂਦ ਪਾਇਲਟਾਂ ਨੇ ਹਿੰਮਤ ਨਹੀਂ ਹਾਰੀ। ਜਹਾਜ਼ ਕਾਫੀ ਦੇਰ ਤੱਕ ਸਿਰਫ ਇੱਕ ਇੰਜਣ ਦੇ ਸਹਾਰੇ ਹਵਾ ਵਿੱਚ ਲਟਕਦਾ ਰਿਹਾ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਇਲਟਾਂ ਨੇ ਤੁਰੰਤ ਰਸਤਾ ਬਦਲਿਆ ਅਤੇ ਨਜ਼ਦੀਕੀ ਹਵਾਈ ਅੱਡੇ ‘ਤੇ ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ। ਜਹਾਜ਼ ਦੇ ਹੇਠਾਂ ਉਤਰਦੇ ਹੀ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।

