ਫਿਰੋਜ਼ਪੁਰ : ਸੀ. ਆਈ. ਏ. ਸਟਾਫ਼ ਜ਼ੀਰਾ ਦੀ ਪੁਲਸ ਨੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਹੇਠ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦੇ ਉਨ੍ਹਾਂ ਕੋਲੋਂ 22 ਕਿੱਲੋ 295 ਗ੍ਰਾਮ ਹੈਰੋਇਨ, 25,000 ਰੁਪਏ ਦੀ ਡਰੱਗ ਮਨੀ, ਦੋ ਗਲੌਕ ਪਿਸਤੌਲ, ਮੈਗਜ਼ੀਨ, ਦੋ ਜ਼ਿੰਦਾ 9 ਐੱਮ. ਐੱਮ. ਕਾਰਤੂਸ ਅਤੇ ਚਾਰ ਮੋਬਾਇਲ ਫੋਨ ਬਰਾਮਦ ਕੀਤੇ। ਇਹ ਨਸ਼ਾ ਤਸਕਰ ਹਰਿਆਣਾ ਨੰਬਰ ਦੀ ਕਾਰ ‘ਚ ਹੈਰੋਇਨ ਅਤੇ ਹਥਿਆਰ ਲੈ ਕੇ ਆ ਰਹੇ ਸਨ। ਇਹ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਨੇ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ‘ਚ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
ਜਦੋਂ ਸੀ. ਆਈ. ਏ. ਸਟਾਫ਼ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰਤਾਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਕਿਲਚਾ (ਫਿਰੋਜ਼ਪੁਰ), ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਅਰਨੀਵਾਲਾ (ਜ਼ਿਲ੍ਹਾ ਫਾਜ਼ਿਲਕਾ), ਮਲੂਕ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੰਧੂ ਕਿਲਚਾ (ਜ਼ਿਲ੍ਹਾ ਫਿਰੋਜ਼ਪੁਰ) ਅਤੇ ਕਿਰਨਦੀਪ ਸਿੰਘ ਉਰਫ਼ ਦੀਪ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਫਿਰੋਜ਼ਪੁਰ ਸ਼ਹਿਰ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਇਨ੍ਹਾਂ ਨੇ ਡਰੋਨ ਰਾਹੀਂ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਦੀ ਵੱਡੀ ਖ਼ੇਪ ਮੰਗਵਾਈ ਹੈ ਤਾਂ ਸੀ. ਆਈ. ਏ. ਇੰਚਾਰਜ ਗੁਰਮੀਤ ਸਿੰਘ, ਏ. ਐੱਸ. ਆਈ. ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਨਾਮਜ਼ਦ ਚਾਰ ਨਸ਼ਾ ਤਸਕਰਾਂ ਨੂੰ ਹਰਿਆਣਾ ਨੰਬਰ ਦੀ ਕਾਰ ’ਤੇ ਆਉਂਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

