ਬ੍ਰਿਸਬੇਨ : ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸੂਬਾ ਕੂਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਦੇ ਇਲਾਕੇ ਵਿਚ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਬੱਚੇ ਗੁਰਮੰਤਰ ਸਿੰਘ ਗਿੱਲ (11) ਸਪੁੱਤਰ ਦਲਜਿੰਦਰ ਸਿੰਘ ਗਿੱਲ ਦੀ ਮੌਤ ਹੋ ਜਾਣ ਦਾ ਬਹੁਤ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਪੁਲਸ ਨੇ ਦੱਸਿਆ ਕਿ ਬੀਤੇ ਦਿਨ ਮੰਗਲਵਾਰ ਨੂੰ ਦੁਪਹਿਰ 3.45 ਵਜੇ ਦੇ ਕਰੀਬ ਜਦੋਂ ਗੁਰਮੰਤਰ ਸਿੰਘ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਸਕੂਲ ਬੱਸ ਨੇ ਲੜਕੇ ਨੂੰ ਟੱਕਰ ਮਾਰ ਦਿੱਤੀ।
ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਐਮਰਜੈਂਸੀ ਸੇਵਾਵਾਂ ਵੱਲੋਂ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲਸ ਵੱਲੋਂ ਬੱਸ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਫੋਰੈਂਸਿਕ ਕਰੈਸ਼ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਗਵਾਹਾਂ ਜਾਂ ਸਬੰਧਿਤ ਘਟਨਾ ਨੂੰ ਵੇਖਣ ਵਾਲੇ ਵਿਅਕਤੀਆਂ ਨੂੰ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਰਾਜਦੀਪ ਲਾਲੀ ਨੇ ਇਸ ਮੰਦਭਾਗੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦਾ ਸਬੰਧ ਪੰਜਾਬ ਦੇ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨਾਲ ਹੈ। ਗੁਰਮੰਤਰ ਸਿੰਘ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ, ਆਸਟ੍ਰੇਲੀਆਈ ਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।