ਸ਼੍ਰੀਲੰਕਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸ਼੍ਰੀਲੰਕਾ ਦੇ ਸਾਬਕਾ ਕ੍ਰਿਕੇਟਰ ਧੰਮਿਕਾ ਨਿਰੋਸ਼ਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਾਰਦਾਤ ਨੂੰ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ’ਚ ਅੰਜ਼ਾਮ ਦਿੱਤਾ ਗਿਆ। ਕ੍ਰਿਕਟਰ ਧੰਮਿਕਾ ਨਿਰੋਸ਼ਨ ਦੇ ਕਤਲ ਦੀ ਇਸ ਵਾਰਦਾਤ ਨੇ ਸਮੁੱਚੇ ਕ੍ਰਿਕੇਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਘਟਨਾ ਦੀ ਪੁਸ਼ਟੀ ਸਥਾਨਕ ਪੁਲਿਸ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇੱਕ ਅਣਪਛਾਤੇ ਹਮਲਾਵਰ ਨੇ ਧੰਮਿਕਾ ਨਿਰੋਸ਼ਨ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਦੀ ਮੁੱਢਲੀ ਜਾਂਚ ਮੁਤਾਬਕ ਹਮਲਾਵਰ ਨੇ 12 ਬੋਰ ਦੀ ਬੰਦੂਕ ਦੇ ਨਾਲ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਹਾਲਾਂਕਿ ਕਤਲ ਦੀ ਵਾਰਦਾਤ ਦੌਰਾਨ ਧੰਮਿਕਾ ਨਿਰੋਸ਼ਨ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਸੀ। ਪਰ ਅਣਪਛਾਤੇ ਨੇ ਸਿਰਫ ਧੰਮਿਕਾ ਨਿਰੋਸ਼ਨ ਨੂੰ ਹੀ ਗੋਲੀ ਮਾਰੀ। ਇਸ ਤੋਂ ਇਲਾਵਾ ਕਤਲ ਦੇ ਕਾਰਨਾਂ ਦਾ ਤਾਂ ਹਾਲੇ ਪਤਾ ਨਹੀਂ ਚੱਲ ਸਕਿਆ ਪਰ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।